ਸਿਰਫ਼ ਕੁਨੈਕਸ਼ਨ ਨਾ ਜੋਡ਼ਨ ਕਰ ਕੇ ਲਟਕ ਰਿਹੈ ਰਾਜਾ ਮਾਈਨਰ ਦਾ ਸ਼ੁੱਧ ਪਾਣੀ ਵਾਲਾ ਪ੍ਰਾਜੈਕਟ

07/16/2018 7:46:59 AM

ਫਰੀਦਕੋਟ(ਹਾਲੀ) - ਸ਼ਹਿਰ ਦੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਦੇਣ ਲਈ ਸ਼ੁਰੂ ਕੀਤੇ ਰਾਜਾ ਮਾਈਨਰ ਪ੍ਰਾਜੈਕਟ ਦਾ ਇਸ ਕਰ ਕੇ ਪਿਛਲੇ ਕਈ ਸਾਲਾਂ ਤੋਂ ਕੰਮ ਲਟਕ ਰਿਹਾ ਹੈ ਕਿਉਂਕਿ ਇਸ ਦੀਆਂ ਪਾਈਪਾਂ ਨੂੰ ਨਹਿਰ ਨਾਲ ਨਹੀਂ ਜੋਡ਼ਿਆ ਜਾ ਰਿਹਾ। ਪਹਿਲਾਂ ਮਨਜ਼ੂਰੀ ਲਈ ਫ਼ਾਈਲਾਂ ਵਿਚ ਦੇਰੀ, ਫ਼ਿਰ ਫ਼ੰਡਾਂ ਦੀ ਉਡੀਕ ਅਤੇ ਬਾਅਦ ’ਚ ਰਸਤੇ ’ਚ ਆਉਣ ਵਾਲੇ ਦਰੱਖਤਾਂ ਦੀ ਕਟਾਈ ਰੁਕਣ ਕਰ ਕੇ ਇਹ ਪ੍ਰਾਜੈਕਟ ਲਗਾਤਾਰ ਪੱਛਡ਼ਦਾ ਰਿਹਾ ਹੈ। ਹੁਣ ਜਦੋਂ ਸਭ ਕੁਝ ਮੁਕੰਮਲ ਹੋ ਗਿਆ ਹੈ ਤਾਂ ਇਸ ਨੂੰ ਰਾਜਾ ਮਾਈਨਰ ਨਹਿਰ ਨਾਲ ਨਹੀਂ ਜੋਡ਼ਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੇ ਲੇਟ ਹੋਣ ਕਰ ਕੇ ਸ਼ਹਿਰ ਦੀ 1 ਲੱਖ ਦੇ ਕਰੀਬ ਆਬਾਦੀ ਨੂੰ ਸਰਹਿੰਦ ਨਹਿਰ ਦਾ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਫ਼ਰੀਦਕੋਟ ਅਤੇ ਇਸ ਦੇ ਆਸ-ਪਾਸ ਜ਼ਮੀਨ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਲੋਕ ਵਾਟਰ ਵਰਕਸ ਦੇ ਪਾਣੀ ’ਤੇ ਨਿਰਭਰ ਹਨ ਅਤੇ ਇਹ ਪਾਣੀ ਸ਼ਹਿਰ ’ਚੋਂ ਲੰਘਦੀ ਨਹਿਰ ਸਰਹਿੰਦ ਫ਼ੀਡਰ ’ਚੋਂ ਆਉਂਦਾ ਹੈ। ਇਹ ਨਹਿਰ ਹਰੀਕੇ ਪੱਤਣ ਤੋਂ ਨਿਕਲਦੀਆਂ ਹਨ, ਜਿਨ੍ਹਾਂ  ਵਿਚ ਕਿ ਇੱਥੋਂ ਲੁਧਿਆਣਾ ਦੇ ਉਦਯੋਗਾਂ ਦਾ ਜ਼ਹਿਰੀਲਾ ਪਾਣੀ ਬੁੱਢੇ ਨਾਲੇ ਰਾਹੀਂ ਪੈ ਰਿਹਾ ਹੈ ਅਤੇ ਕਈ ਸਾਲਾਂ ਤੋਂ ਇਹ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਹੀ ਉਦਯੋਗਾਂ ਦਾ ਜ਼ਹਿਰੀਲਾ ਮਿਲਿਆ ਪਾਣੀ ਅੱਗੇ ਇਨ੍ਹਾਂ ਨਹਿਰਾਂ ਰਾਹੀਂ ਸਿਰਫ਼ ਫ਼ਰੀਦਕੋਟ ਹੀ ਨਹੀਂ, ਬਲਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਿਆਂ ਤੱਕ ਜਾਂਦਾ ਹੈ। ਸ਼ਹਿਰ ਦੀ ਆਬਾਦੀ ਨੂੰ ਇਸ ਜ਼ਹਿਰ ਤੋਂ ਬਚਾਉਣ ਲਈ ਰਾਜਾ ਮਾਈਨਰ ਪ੍ਰਾਜੈਕਟ 6 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸਪ੍ਰਾਜੈਕਟ  ਦਾ ਕੰਮ ਉਦੋਂ ਤੋਂ ਲੈ ਕੇ ਹੁਣ ਤੱਕ ਲਟਕਦਾ ਆ ਰਿਹਾ ਹੈ ਹਾਲਾਂਕਿ ਇਹ ਢਾਈ ਸਾਲ ਪਹਿਲਾਂ ਬਣਨਾ ਸ਼ੁਰੂ ਹੋ ਗਿਆ ਸੀ ਪਰ ਫ਼ਿਰ ਇਸ ਵਿਚ ਦਰੱਖਤਾਂ ਦੀ ਕਟਾਈ ਦੀ ਅਡ਼ਿੱਕਾ ਆ ਗਿਆ ਅਤੇ ਇਹ ਫ਼ਿਰ ਰੁਕ ਗਿਆ।
ਕੀ ਹੈ ਇਹ ਪ੍ਰਾਜੈਕਟ
 ਮਹਾਰਾਜਾ ਫ਼ਰੀਦਕੋਟ ਦੇ ਬਾਗ ਲਈ ਰਾਜਾ ਮਾਈਨਰ ਦੇ ਨਾਂ ’ਤੇ ਇਕ ਵਿਸ਼ੇਸ਼ ਕੱਸੀ ਸਾਫ਼-ਸੁਥਰਾ ਪਾਣੀ ਲੈ ਕੇ ਅਬੋਹਰ ਨਹਿਰ ਬ੍ਰਾਂਚ ’ਚੋਂ ਆਉਂਦੀ ਹੈ। ਲੋਕਾਂ ਦੀ ਮੰਗ ’ਤੇ ਇਸ ਮਾਈਨਰ ਦਾ ਪਾਣੀ ਵਾਟਰ ਵਰਕਸ ਨੂੰ ਸਪਲਾਈ ਕੀਤਾ ਜਾਣਾ ਸੀ ਅਤੇ ਉਸ ਮੁਤਾਬਕ ਇਸ ਕੱਸੀ ਦੇ ਪਾਣੀ ਦੀ ਸਮਰੱਥਾ ਵਧਾ ਲਈ ਗਈ ਸੀ। ਮਹਾਰਾਜਾ ਦੇ ਬਾਗ ਤੋਂ ਵਾਟਰ ਵਰਕਸ ਤੱਕ ਇਸ ਪਾਣੀ ਨੂੰ ਲਿਜਾਣ ਲਈ ਪਾਈਪਾਂ ਪਾਈਆਂ ਜਾਣੀਆਂ ਸਨ, ਜਿਸ ਦਾ ਨਾਂ ਰਾਜਾ ਮਾਈਨਰ ਪਾਣੀ ਸਪਲਾਈ ਰੱਖਿਆ ਗਿਆ ਸੀ। ਪਾਈਪਾਂ ਪਾਉਣ ਦਾ ਇਹ ਪ੍ਰਾਜੈਕਟ 5 ਕਰੋਡ਼ ਰੁਪਏ ਦਾ ਸੀ, ਜਿਹਡ਼ਾ ਕਿ 3 ਸਾਲ ਪਹਿਲਾਂ ਡੇਢ ਕਰੋਡ਼ ਰੁਪਏ ਸਰਕਾਰ ਵੱਲੋਂ ਪਹਿਲੀ ਕਿਸ਼ਤ ਦੇਣ ’ਤੇ ਸ਼ੁਰੂ ਹੋ ਗਿਆ। ਸਾਲ ਦੇ ਕਰੀਬ ਕੰਮ ਚੱਲਿਆ ਅਤੇ ਜਦੋਂ ਇਹ ਪ੍ਰਾਜੈਕਟ ਤਲਵੰਡੀ ਭਾਈ ਵਾਲੇ ਨਹਿਰਾਂ ਦੇ ਪੁਲ ਕੋਲ ਪਹੁੰਚਿਆ ਤਾਂ ਅੱਗੇ ਇਸ ਵਿਚ ਕੋਈ 50 ਸਾਲ ਪੁਰਾਣੇ ਦਰੱਖਤ ਅਡ਼ਿੱਕਾ ਬਣਨ ਲੱਗੇ, ਜਿਨ੍ਹਾਂ ਨੂੰ ਪੁੱਟਣ ਲਈ ਗਰੀਨ ਟ੍ਰਿਬਿਊਨਲ ਦਿੱਲੀ ਨੂੰ ਲਿਖਿਆ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਪ੍ਰਾਜੈਕਟ 1 ਸਾਲ ਤੋਂ ਉਸੇ ਤਰ੍ਹਾਂ ਹੀ ਇਸੇ ਸਥਿਤੀ ਵਿਚ ਲਟਕਦਾ ਰਿਹਾ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੀ 1 ਲੱਖ ਆਬਾਦੀ ਨੂੰ ਸਾਫ਼-ਸੁਥਰਾ ਪਾਣੀ ਤਾਂ ਮਿਲਣਾ ਹੀ ਸੀ ਅਤੇ ਨਾਲ ਹੀ ਸ਼ਹਿਰ ਦੇ ਮੁੱਖ ਵਾਟਰ ਵਰਕਸ ਦੀ ਸਮਰੱਥਾ ਵੀ ਵਧ ਜਾਣੀ ਸੀ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਹ ਵਾਟਰ ਵਰਕਸ 3 ਕਰੋਡ਼ ਲਿਟਰ ਪਾਣੀ ਹਰ ਰੋਜ਼ ਸਪਲਾਈ ਕਰਨ ਲੱਗ ਪੈਣਾ ਸੀ, ਜਦਕਿ ਹੁਣ ਇਹ ਵਾਟਰ ਵਰਕਸ ਡੇਢ ਕਰੋਡ਼ ਲਿਟਰ ਪਾਣੀ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਹੈ।
ਕੀ ਕਹਿੰਦੇ ਨੇ ਕਾਂਗਰਸੀ ਆਗੂ
ਇਸ ਸਬੰਧੀ ਕਾਂਗਰਸੀ ਆਗੂ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸਿੰਘ ਸੰਨੀ ਬਰਾਡ਼ ਲਗਾਤਾਰ ਆਪਣੀ ਸਰਕਾਰ ’ਤੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਦਬਾਅ ਬਣਾ ਰਹੇ ਹਨ। ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਨੇ ਤਾਂ ਇਸ ਪ੍ਰਾਜੈਕਟ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਲ ਸਪਲਾਈ ਵਿਭਾਗ ਦੇ  ਅਧਿਕਾਰੀਆਂ ਨੇ ਦੱਸਿਆ ਕਿ ਰਾਜਾ ਮਾਈਨਰ ਨਾਲ ਇਸ ਪ੍ਰਾਜੈਕਟ ਤਹਿਤ ਪਾਈਆਂ ਗਈਆਂ ਪਾਈਪਾਂ  ਨੂੰ ਜੋਡ਼ੀਆਂ ਜਾਣਅਾਂ ਹਨ, ਜਿਸ ਬਾਰੇ ਕਾਰਵਾਈ ਚੱਲ ਰਹੀ ਹੈ ਅਤੇ ਬਹੁਤ ਜਲਦ ਇਸ ਪ੍ਰਾਜੈਕਟ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।