ਚੰਡੀਗੜ੍ਹ : ਨੌਜਵਾਨ ਨੇ ਵੋਟ ਪਾਉਣ ਦੀ ਵੀਡੀਓ ''ਟਿਕਟਾਕ'' ''ਤੇ ਕੀਤੀ ਅਪਲੋਡ, ਉੱਠੇ ਸਵਾਲ

05/20/2019 9:26:24 AM

ਚੰਡੀਗੜ੍ਹ (ਸੁਸ਼ੀਲ) : ਚੋਣ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਇਕ ਨੌਜਵਾਨ ਚੰਡੀਗੜ੍ਹ ਸਥਿਤ ਇਕ ਪੋਲਿੰਗ ਸਟੇਸ਼ਨ 'ਚ ਮੋਬਾਇਲ ਫੋਨ ਅੰਦਰ ਲੈ ਕੇ ਚਲਾ ਗਿਆ। ਨੌਜਵਾਨ ਨੇ ਵੋਟ ਪਾਉਂਦੇ ਹੋਏ ਆਪਣੀ ਵੀਡੀਓ ਬਣਾਈ ਅਤੇ 'ਟਿਕਟਾਕ' 'ਤੇ ਅਪਲੋਡ ਕਰ ਦਿੱਤੀ। ਨੌਜਵਾਨ ਦੀ ਇਸ ਵੀਡੀਓ ਨੂੰ ਇਕ ਫੇਸਬੁੱਕ ਯੂਜ਼ਰ ਨੇ ਪੋਸਟ ਕਰਕੇ ਚੰਡੀਗੜ੍ਹ ਪੁਲਸ ਦੀ ਚੈਕਿੰਗ ਵਿਵਸਥਾ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਤਾਇਨਾਤ ਹੋਣ ਦੇ ਬਾਵਜੂਦ ਨੌਜਵਾਨ ਕਿਵੇਂ ਮੋਬਾਇਲ ਫੋਨ ਅੰਦਰ ਲੈ ਕੇ ਗਿਆ। ਚੋਣ ਕਮਿਸ਼ਨ ਨੇ ਵੋਟਿੰਗ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮੋਬਾਇਲ ਸਮੇਤ ਹੋਰ ਇਲੈਕਟ੍ਰਾਨਿਕ ਸਮਾਨ ਲਿਜਾਣ ਦੀ ਪਾਬੰਦੀ ਲਾਈ ਸੀ।

ਇਸ ਨੂੰ ਲੈ ਕੇ ਪੁਲਸ ਵਿਭਾਗ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਪੁਲਸ ਦੀ ਢਿੱਲੀ ਜਾਂਚ ਹੋਣ ਦੇ ਚੱਲਦਿਆਂ ਇਕ ਨੌਜਵਾਨ ਵੋਟ ਪਾਉਣ ਦੌਰਾਨ ਆਪਣਾ ਮੋਬਾਇਲ ਫੋਨ ਅੰਦਰ ਲੈ ਗਿਆ।
ਫੇਸਬੁੱਕ ਯੂਜ਼ਰ ਔਰਤ ਨੇ ਸਵਾਲ ਚੁੱਕਿਆ ਕਿ ਆਖਰ ਨੌਜਵਾਨ ਕਿਵੇਂ ਪੋਲਿੰਗ ਸਟੇਸ਼ਨ 'ਚ ਮੋਬਾਇਲ ਲੈ ਕੇ ਗਿਆ ਅਤੇ ਉਸ ਨੇ ਵੀਡੀਓ ਕਿਵੇਂ ਬਣਾਈ, ਜਦੋਂ ਕਿ ਉਹ ਵੋਟ ਪਾਉਣ ਗਿਆ ਤਾਂ ਉਸ ਦਾ ਮੋਬਾਇਲ ਫੋਨ ਅਤੇ ਪਰਸ ਤੱਕ ਪੁਲਸ ਨੇ ਘਰ ਰੱਖਣ ਲਈ ਵਾਪਸ ਭੇਜ ਦਿੱਤਾ ਸੀ।

Babita

This news is Content Editor Babita