DGP ਵੀ. ਕੇ. ਭਾਵਰਾ ਬੋਲੇ, ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਸਭ ਤੋਂ ਵੱਡੀ ਤਰਜੀਹ

01/09/2022 10:31:29 AM

ਜਲੰਧਰ- ਪੰਜਾਬ ਵਰਗੇ ਸਰਹੱਦੀ ਸੂਬੇ ’ਚ ਪੰਜਾਬ ਪੁਲਸ ਦੀ ਭੂਮਿਕਾ ਤੋਂ ਹਰ ਕੋਈ ਵਾਕਿਫ ਹੈ। ਅੱਤਵਾਦ ਦੇ ਦੌਰ ਨੂੰ ਬਹਾਦਰੀ ਅਤੇ ਕੁਰਬਾਨੀਆਂ ਦੇ ਨਾਲ ਖ਼ਤਮ ਕਰਨ ਵਾਲੀ ਪੰਜਾਬ ਪੁਲਸ ਨੂੰ ਪੂਰੇ ਦੇਸ਼ ਦੀ ਪੁਲਸ ਫੋਰਸਿਜ਼ ’ਚ ਇਸੇ ਲਈ ਖ਼ਾਸ ਸਥਾਨ ਹਾਸਲ ਹੈ। ਪੰਜਾਬ ਪੁਲਸ ਦੀਆਂ ਚੁਣੌਤੀਆਂ ’ਚ ਇਕ ਪਾਸੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਨਾਲ ਲੱਗਦੀ ਸੈਂਕੜੇ ਕਿਲੋਮੀਟਰ ਦੀ ਕੌਮਾਂਤਰੀ ਸਰਹੱਦ ਹੈ, ਉਥੇ ਹੀ, ਵਿਦੇਸ਼ਾਂ ’ਚ ਬੈਠੇ ਅਤੇ ਆਈ. ਐੱਸ. ਆਈ. ਸਮਰਥਿਤ ਸੰਗਠਨਾਂ ਵੱਲੋਂ ਲਗਾਤਾਰ ਪੰਜਾਬ ’ਚ ਗੜਬੜ ਫੈਲਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਵੱਡੀ ਚੁਣੌਤੀ ਬਣੀਆਂ ਰਹਿੰਦੀਆਂ ਹਨ। ਉਦੋਂ ਕਿਹਾ ਜਾਂਦਾ ਹੈ ਕਿ ਪੰਜਾਬ ਪੁਲਸ ਦਾ ਸਭ ਤੋਂ ਉੱਚਾ ਅਹੁਦਾ, ਡੀ. ਜੀ. ਪੀ. ਜਿੱਥੇ ਮਾਣ ਵਧਾਉਣ ਵਾਲਾ ਹੈ, ਉਥੇ ਹੀ ਆਪਣੇ ਨਾਲ ਵੱਡੀਆਂ ਚੁਣੌਤੀਆ ਵੀ ਲਿਆਉਂਦਾ ਹੈ। ਇਹ ਵੀ ਇੱਤੇਫਾਕ ਦੀ ਗੱਲ ਹੈ ਕਿ ਯੂ. ਪੀ. ਐੱਸ. ਸੀ. ਵੱਲੋਂ ਤੈਅ ਕੀਤੇ ਗਏ 3 ਅਧਿਕਾਰੀਆਂ ਦੇ ਪੈਨਲ ’ਚੋਂ ਸ਼ਨੀਵਾਰ ਨੂੰ ਹੀ ਪੰਜਾਬ ਸਰਕਾਰ ਨੇ ਡੀ. ਜੀ. ਪੀ. ਦੇ ਤੌਰ ’ਤੇ ਤਾਇਨਾਤ ਕਰਨ ਲਈ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵੀਰੇਸ਼ ਕੁਮਾਰ ਭਾਵਰਾ ਦੀ ਚੋਣ ਕੀਤੀ। ਤਰਜੀਹਾਂ ਅਤੇ ਚੁਣੌਤੀਆਂ ਸਬੰਧੀ ‘ਜਗ ਬਾਣੀ’ ਦੇ ਪੱਤਰਕਾਰ ਰਮਨਜੀਤ ਸਿੰਘ ਨੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਨਾਲ ਗੱਲ ਕੀਤੀ। ਪੇਸ਼ ਹਨ ਮੁੱਖ ਅੰਸ਼..

● ਸੰਜੋਗ ਨਾਲ ਤੁਸੀਂ ਚਾਰਜ ਸੰਭਾਲਿਆ ਅਤੇ ਸੂਬੇ ’ਚ ਚੋਣਾਂ ਦਾ ਵੀ ਐਲਾਨ ਹੋ ਗਿਆ, ਕੀ ਪਹਿਲ ਰਹੇਗੀ ?
ਇਹ ਤਾਂ ਸਾਫ਼ ਜਿਹੀ ਗੱਲ ਹੈ, ਚੋਣਾਂ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸ਼ਾਂਤੀਪੂਰਨ ਅਤੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਉਣਾ ਸਭ ਤੋਂ ਵੱਡੀ ਤਰਜੀਹ ਰਹੇਗੀ। ਇਹ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਅਤੇ ਇਸ ਨੂੰ ਜ਼ਿੰਮੇਵਾਰੀ ਨਾਲ ਹੀ ਨਿਭਾਇਆ ਜਾਵੇਗਾ।

● ਪੰਜਾਬ ਸਰਹੱਦੀ ਸੂਬਾ ਹੈ, ਕੌਮਾਂਤਰੀ ਸਰਹੱਦ ’ਤੇ ਵੀ ਵੱਡੀਆਂ ਐਕਟੀਵਿਟੀਜ਼ ਰਹਿੰਦੀਆਂ ਹਨ, ਹਾਲ ਹੀ ’ਚ ਸੂਬੇ ’ਚ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੇ ’ਚ ਚੋਣਾਂ ਲਈ ਕੀ ਇੰਤਜ਼ਾਮ ਹੋਣਗੇ ?
ਵੇਖੋ, ਪੁਲਸ ਦਾ ਕੰਮ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣਾ ਹੈ। ਪੰਜਾਬ ਪੁਲਸ ਚੋਣਾਂ ਦੇ ਨਾਲ-ਨਾਲ ਆਪਣੀ ਮੂਲ ਡਿਊਟੀ ਕਾਨੂੰਨ ਵਿਵਸਥਾ ਬਣਾਈ ਰੱਖਣ ’ਤੇ ਵੀ ਪੂਰੀ ਤਰ੍ਹਾਂ ਧਿਆਨ ਦੇਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਤੇ ਵੀ ਕੋਈ ਗੜਬੜ ਨਾ ਹੋਣ ਪਾਏ। ਜਿੱਥੇ ਕੌਮਾਂਤਰੀ ਸਰਹੱਦ ’ਤੇ ਐਕਟੀਵਿਟੀਜ਼ ਦੀ ਗੱਲ ਹੈ, ਉਸ ਨੂੰ ਕਾਬੂ ਕਰਨ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕਿਸੇ ਵੀ ਗ਼ੈਰ-ਸਮਾਜੀ ਅਤੇ ਸ਼ਰਾਰਤੀ ਤੱਤ ਨੂੰ ਮਾਹੌਲ ਵਿਗਾੜਣ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.

● ਡਰੱਗਸ ਦੇ ਮਾਮਲੇ ’ਚ ਅਕਾਲੀ ਨੇਤਾ ’ਤੇ ਹਾਲ ਹੀ ’ਚ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ, ਕੀ ਕਹੋਗੇ ?
ਨੋ ਕੁਮੈਂਟਸ
● ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਹੋਈ ਸੁਰੱਖਿਆ ਕੋਤਾਹੀ ਬਾਰੇ ਕੀ ਕਹੋਗੇ ?
ਮਾਮਲਾ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਹੈ, ਇਸ ਲਈ ਇਸ ’ਤੇ ਕੁਝ ਵੀ ਕਹਿਣਾ ਉਚਿਤ ਨਹੀਂ।

● ਚੋਣਾਂ ਤੋਂ ਇਲਾਵਾ ਹੋਰ ਕੀ-ਕੀ ਤਰਜੀਹਾਂ ਰਹਿਣਗੀਆਂ। ਤੁਹਾਨੂੰ ਘੱਟ ਤੋਂ ਘੱਟ 2 ਸਾਲ ਲਈ ਇਹ ਜ਼ਿੰਮੇਵਾਰੀ ਸੰਭਾਲਣੀ ਹੈ ?
ਪੰਜਾਬ ਦੇ ਸੰਦਰਭ ’ਚ ਗੱਲ ਕੀਤੀ ਜਾਵੇਗੀ ਤਾਂ ਵਿਦੇਸ਼ੀ ਸ਼ਰਾਰਤੀ ਤੱਤਾਂ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਕਿਸੇ ਵੀ ਕੀਮਤ ’ਤੇ ਅੱਤਵਾਦ ਫੈਲਾਉਣ ਵਾਲੀਆਂ ਅਤੇ ਦੇਸ਼ ਲਈ ਖ਼ਤਰਾ ਬਣਨ ਵਾਲੀਆਂ ਤਾਕਤਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾ ਸਕਦਾ। ਇਸ ਦੇ ਲਈ ਹਰ ਸਮੇਂ ਪੰਜਾਬ ਪੁਲਸ ਨੂੰ ਚੌਕਸ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਸੂਬੇ ’ਚ ਪਿਛਲੇ ਕਈ ਸਾਲਾਂ ਤੋਂ ਡਰੱਗਸ, ਗੈਂਗਸਟਰ ਵਰਗੀਆਂ ਗੈਰ-ਕਾਨੂੰਨੀ ਚੀਜ਼ਾਂ ਦਾ ਵੀ ਵਿਸਥਾਰ ਹੋਇਆ ਹੈ, ਜਿਨ੍ਹਾਂ ਦੇ ਖਾਤਮੇ ਨੂੰ ਅੱਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਘਰ ’ਚ ਕੋਰੋਨਾ ਦੀ ਐਂਟਰੀ, ਪਤਨੀ ਤੇ ਪੁੱਤਰ ਦੀ ਰਿਪੋਰਟ ਆਈ ਪਾਜ਼ੇਟਿਵ

● ਡੀ. ਜੀ. ਪੀ. ਦੇ ਤੌਰ ’ਤੇ ਪੁਲਸ ਫੋਰਸ ਨੂੰ ਕੀ ਸੰਦੇਸ਼ ਦੇਵੋਗੇ ?
ਡਿਊਟੀ ਈਮਾਨਦਾਰੀ ਅਤੇ ਲਗਨ ਨਾਲ ਨਿਭਾਓ ਅਤੇ ਪੀਡ਼ਤਾਂ ਨੂੰ ਇਨਸਾਫ ਮਿਲੇ, ਇਸ ਦੇ ਲਈ ਪੂਰੀ ਮਿਹਨਤ ਨਾਲ ਕੰਮ ਕਰੋ।

ਪੰਜਾਬ ਪੁਲਸ ਦੇ ਕੰਮ-ਕਾਜ ’ਚ ਕੀ ਬਦਲਾਅ ਕਰਨ ਦੀ ਇੱਛਾ ਹੈ, ਜ਼ਮਾਨਾ ਬਦਲ ਰਿਹਾ ਹੈ ਅਤੇ ਕ੍ਰਾਈਮ ਦੀ ਕਿਸਮ ਵੀ?
ਸਾਡੀ ਫੋਰਸ ਹਮੇਸ਼ਾ ਹੀ ਅਪਡੇਟ ਹੁੰਦੀ ਰਹੀ ਹੈ। ਅੱਤਵਾਦ ਨਾਲ ਲੜਨ ਲਈ ਵੀ ਕਈ ਤਰ੍ਹਾਂ ਦੇ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਗਈ ਸੀ। ਹੁਣ ਤਾਂ ਟੈਕਨਾਲੌਜੀ ਕਾਫ਼ੀ ਅੱਗੇ ਵਧ ਚੁੱਕੀ ਹੈ। ਪੰਜਾਬ ਪੁਲਸ ਦੇ ਕੰਮ-ਕਾਜ ਨੂੰ ਲਗਾਤਾਰ ਕੰਪਿਊਟਰਾਈਜ਼ਡ ਕੀਤਾ ਜਾ ਰਿਹਾ ਹੈ ਅਤੇ ਜਨ ਕੇਂਦਰਿਤ ਪੁਲਸ ਸੇਵਾਵਾਂ ਅਤੇ ਪਬਲਿਕ ਸਰਵਿਸ ਡਲਿਵਰੀ ਨੂੰ ਹੋਰ ਬਿਹਤਰ ਕੀਤਾ ਜਾਵੇਗਾ ਤਾਂ ਕਿ ਲੋਕਾਂ ’ਚ ਪੁਲਸ ਦਾ ਅਕਸ ਹੋਰ ਜ਼ਿਆਦਾ ਸੁਧਰੇ, ਨਾਲ ਹੀ ਅਪਰਾਧਾਂ ਦੀ ਜਾਂਚ ਲਈ ਹੋਰ ਜ਼ਿਆਦਾ ਟੈਕਨਾਲੌਜੀ ਦੀ ਵਰਤੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri