ਖਾਲਸੇ ਦੀ ਧਰਤੀ 'ਤੇ ਸਥਾਪਤ ਵਿਰਾਸਤ-ਏ-ਖਾਲਸਾ ਨੇ ਬਣਾਇਆ ਰਿਕਾਰਡ

01/11/2019 6:48:36 PM

ਚੰਡੀਗੜ੍ਹ/ਜਲੰਧਰ (ਅਸ਼ਵਨੀ) : ਪੰਜਾਬ ਸਰਕਾਰ ਵਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਾ ਹੈ ਜਿਸ ਦੀ ਪੁਸ਼ਟੀ 'ਲਿਮਕਾ ਬੁੱਕ ਆਫ ਰਿਕਾਰਡਜ਼' ਵਲੋਂ ਕੀਤੀ ਗਈ ਹੈ। ਰੋਜ਼ਾਨਾ ਉਥੇ 5262 ਸੈਲਾਨੀ ਦਰਸ਼ਨ ਕਰਦੇ ਹਨ। ਇਹ ਜਾਣਕਾਰੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭਣ ਦਾ ਯਤਨ ਕੀਤਾ ਹੈ। ਇਹੋ ਕਾਰਨ ਹੈ ਕਿ ਅੱਜ ਪੰਜਾਬ ਦੁਨੀਆਂ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।


ਪੰਜਾਬ ਲਈ ਇਹ ਬੁਹਤ ਹੀ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਹੁਣ ਸਮੁੱਚੇ ਭਾਰਤ ਵਿਚ ਪਹਿਲੇ ਨੰਬਰ 'ਤੇ ਆ ਗਿਆ ਹੈ। ਇੱਥੇ ਸੈਲਾਨੀਆਂ ਦੀ ਗਿਣਤੀ ਮਹਿਜ਼ 7 ਸਾਲਾਂ ਵਿਚ ਹੁਣ ਤੱਕ 97 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਸਾਲ 2018 'ਚ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੈਲਾਨੀ ਵਿਰਾਸਤ-ਏ-ਖਾਲਸਾ ਵੇਖਣ ਲਈ ਆਏ ਹਨ। ਸਿੱਧੂ ਇਸ ਪਿੱਛੇ ਸਾਰੇ ਅਧਿਕਾਰੀਆਂ ਤੇ ਸਟਾਫ ਦੀ ਸਖਤ ਮਿਹਨਤ ਲਈ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਅਗਾਂਹ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਹਨ ਅਤੇ ਇਨ੍ਹਾਂ ਗੈਲਰੀਆਂ ਵਿਚ ਪੰਜਾਬ ਦੇ ਅਮੀਰ ਤੇ ਗੌਰਵਮਈ 550 ਸਾਲਾਂ ਦੇ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਲਾਨੀਆਂ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਪਾਸ ਮੁਹੱਈਆ ਕਰਵਾਏ ਜਾਂਦੇ ਹਨ ਜਿਸਦੇ ਮਾਧਿਅਮ ਰਾਹੀਂ ਸਾਰੇ ਇਸ ਵਿਰਾਸਤ ਦੇ ਦਰਸ਼ਨ ਕਰ ਪਾਉਂਦੇ ਹਨ।

Gurminder Singh

This news is Content Editor Gurminder Singh