ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪੋਸਟ

10/09/2017 7:55:31 AM

ਮਲੋਟ  (ਜੁਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਤਾਇਨਾਤ ਰਹੀਂ ਇਕ ਮਹਿਲਾ ਅਧਿਕਾਰੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ ਦੀ ਪੂਰੀ ਚਰਚਾ ਹੈ, ਜਿਸ ਵਿਚ ਉਸ ਨੇ ਸਰਕਾਰੀ ਸਰਵਿਸ ਨਿਯਮਾਂ ਨੂੰ ਅਣਡਿੱਠਾ ਕਰ ਕੇ ਸੂਬੇ ਦੀ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਨੂੰ ਭੰਡਿਆ ਹੈ। ਪਹਿਲਾਂ ਅਕਾਲੀ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਨੁਕਤਾ-ਚੀਨੀ ਕਰ ਕੇ ਸੋਸ਼ਲ ਮੀਡੀਆ 'ਤੇ ਚਰਚਿਤ ਰਹੀ ਪੰਜਾਬ ਸਰਕਾਰ ਦੀ ਇਸ ਮਹਿਲਾ ਅਧਿਕਾਰੀ ਨੇ ਹੁਣ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀਆਂ, ਸੀਨੀਅਰ ਅਧਿਕਾਰੀਆਂ ਤੇ ਆਪਣੇ ਵਿਭਾਗ ਦੇ ਹਮ ਪੇਸ਼ਾ ਅਫਸਰਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।  
ਲੰਬੀ ਦਫਤਰ ਤੋਂ ਹੋਈ ਤਾਜ਼ਾ ਬਦਲੀ ਤੋਂ ਨਾਰਾਜ਼ ਬੀ .ਡੀ. ਪੀ. ਓ. ਬਲਜੀਤ ਕੌਰ ਢਿੱਲੋਂ ਨੇ ਆਪਣੀ ਬਦਲੀ ਨੂੰ ਸਿਆਸੀ ਸਜ਼ਾ ਦੱਸਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਮੁੱਚੀ ਪੰਜਾਬ ਕਾਂਗਰਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਬਾਦਲ ਨੇ ਉਨ੍ਹਾਂ ਨੂੰ ਲੰਬੀ ਤੋਂ ਬਦਲ ਕੇ ਮੁੱਖ ਦਫਤਰ ਭੇਜਣ ਬਦਲੇ ਗੁਰਦਾਸਪੁਰ ਦੀ ਪਾਰਲੀਮੈਂਟ ਸੀਟ ਦੀ ਜਿੱਤ ਥਾਲੀ ਵਿਚ ਪਰੋਸ ਕੇ ਦਿੱਤੀ ਹੈ। ਇਥੇ ਹੀ ਬਸ ਨਹੀਂ ਆਪਣੀ ਪੋਸਟ ਵਿਚ ਉਨ੍ਹਾਂ ਦੋਵਾਂ ਪਾਰਟੀਆਂ ਵਿਚ ਗੰਢਤੁੱਪ ਦੀ ਗੱਲ ਕਰਦਿਆਂ ਆਪਣੇ ਜ਼ਿਲਾ ਅਧਿਕਾਰੀ ਤੋਂ ਇਲਾਵਾ ਮਲੋਟ ਸਮੇਤ ਜ਼ਿਲੇ ਦੇ ਬੀ. ਡੀ. ਪੀ. ਓ. ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਿਆ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਵਿਚ ਘਪਲੇ ਕਰਨ ਵਾਲੀਆਂ ਪੰਚਾਇਤਾਂ ਦਾ ਰਿਕਾਰਡ ਤੱਕ ਚੈੱਕ
ਨਹੀਂ ਕੀਤਾ।
ਉਨ੍ਹਾਂ ਆਪਣੇ ਵਿਭਾਗ ਦੇ ਮੰਤਰੀ ਉੱਪਰ ਬਾਦਲਾਂ ਨਾਲ ਰਿਸ਼ਤੇਦਾਰੀ ਪਾਲਣ ਦੇ ਦੋਸ਼ ਵੀ ਲਾਏ ਤੇ ਆਪਣੇ ਹਾਦਸੇ ਨੂੰ ਜਾਨਲੇਵਾ ਹਮਲਾ ਦੱਸਿਆ। ਜ਼ਿਕਰਯੋਗ ਹੈ ਕਿ ਬਲਾਕ ਅਤੇ ਪੰਚਾਇਤ ਅਫਸਰ ਲੰਬੀ ਵਿਖੇ ਤਾਇਨਾਤ ਰਹੀ ਬਲਜੀਤ ਕੌਰ ਢਿੱਲੋਂ ਵੱਲੋਂ ਆਪਣੀ ਡਿਊਟੀ ਦੌਰਾਨ ਅਧਿਕਾਰੀ ਦੀ ਬਜਾਏ ਸਿਆਸੀ ਆਗੂਆਂ ਦੀ ਤਰ੍ਹਾਂ ਵਿਚਰ ਕੇ ਸਰਵਿਸ ਨਿਯਮਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਸੀ ਤੇ ਸਾਬਕਾ ਮੁੱਖ ਮੰਤਰੀ ਦੇ ਹਲਕੇ ਵਿਚ ਉਨ੍ਹਾਂ ਦੀ ਕਾਰਜਪ੍ਰਣਾਲੀ ਵਾਂਗ ਸੰਗਤ ਦਰਸ਼ਨ, ਮੈਂਬਰ ਪਾਰਲੀਮੈਂਟ ਵਾਂਗ ਪਿੰਡਾਂ ਨੂੰ ਗੋਦ ਲੈਣ ਵਰਗੇ ਕੰਮਾਂ ਨੂੰ ਸੋਸ਼ਲ ਮੀਡੀਆ 'ਤੇ ਵਾਹ-ਵਾਹ ਖੱਟਣ ਦੇ ਸ਼ੌਕ ਵਜੋਂ ਰੱਖਿਆ ਹੋਇਆ ਸੀ। ਤਾਜ਼ਾ ਬਦਲੀ ਦੇ ਦੁੱਖ ਕਾਰਨ ਇਸ ਅਧਿਕਾਰੀ ਨੇ ਇਕ ਵਾਰ ਫਿਰ ਸਰਕਾਰੀ ਸਰਵਿਸ ਨਿਯਮਾਂ ਨੂੰ ਦਾਅ 'ਤੇ ਲਾ ਕੇ ਸਿਆਸੀ ਬਿਆਨ ਵਰਗੀ ਪੋਸਟ ਪਾ ਕੇ ਨਵਾਂ ਸ਼ਗੂਫ਼ਾ ਛੱਡ ਦਿੱਤਾ ਹੈ।