ਵਿਪਨ ਸ਼ਰਮਾ ਕਤਲਕਾਂਡ ''ਚ ਜ਼ਬਰਦਸਤ ਮੋੜ, ''ਸਾਰਜ'' ਨੇ ਫੇਸਬੁੱਕ ''ਤੇ ਬਿਆਨ ਕੀਤੀ ਕਤਲ ਦੀ ਸੱਚਾਈ (ਵੀਡੀਓ)

11/14/2017 11:38:13 AM

ਅੰਮ੍ਰਿਤਸਰ — ਅੰਮ੍ਰਿਤਸਰ 'ਚ 30 ਅਕਤੂਬਰ ਨੂੰ ਬੇਰਹਿਮੀ ਨਾਲ ਮਾਰੇ ਗਏ ਹਿੰਦੂ ਨੇਤਾ ਦੇ ਕਤਲ ਕੇਸ 'ਚ ਉਸ ਸਮੇਂ ਪਰਦਾ ਉਠ ਗਿਆ, ਜਦੋਂ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਇਸ ਦਾ ਕਾਰਨ ਵੀ ਦੱਸਿਆ। 
ਸਾਰਜ ਨੇ ਲਿਖਿਆ ਹੈ ਕਿ 30 ਅਕਤੂਬਰ 2017 ਨੂੰ ਅੰਮ੍ਰਿਤਸਰ 'ਚ ਜੋ ਕਤਲ ਹੋਇਆ, ਉਸ ਨੂੰ ਮੈਂ ਕੀਤਾ ਤਾਂ ਜੋ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ। ਉਸ ਨੇ ਲਿਖਿਆ ਕਿ ਅੱਜ ਤਕ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਪਨ ਨੇ ਇਕ ਪੁਲਸ ਵਾਲੇ ਦਾ ਕਤਲ ਕਰਵਾਇਆ ਸੀ ਤੇ ਹਥਿਆਰ ਵੀ ਮੁਹੱਈਆ ਕਰਵਾਇਆ ਸੀ। ਇਸ ਲਈ ਵਿਪਨ ਨੂੰ ਮਾਰਿਆ ਗਿਆ। ਸਾਰਜ ਨੇ ਦੱਸਿਆ ਕਿ ਉਹ ਪੁਲਸ ਵਾਲਾ ਉਸ ਦੇ ਦੋਸਤ ਦਾ ਪਿਤਾ ਸੀ ਜੇਕਰ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਤਾਂ ਉਹ ਪੁਲਸ ਜਾਂਚ ਕਰਵਾ ਸਕਦਾ ਹੈ। ਸੱਚ ਸਾਹਮਣੇ ਆ ਜਾਵੇਗਾ।

ਸਾਰਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ । ਇਸ ਲਈ ਕਤਲ ਨੂੰ ਕਿਸੇ ਧਰਮ ਜਾਂ ਕਿਸੇ ਹੋਰ ਨਾਂ ਦੇ ਨਾਲ ਨਾ ਜੋੜਿਆ ਜਾਵੇ। ਇਹ ਸਾਡੀ ਆਪਸੀ ਰੰਜਿਸ਼ ਸੀ। ਉਸ ਨੇ ਮੀਡੀਆ 'ਤੇ ਚਲ ਰਹੀਆਂ ਚਰਚਾਵਾਂ ਨੂੰ ਗਲਤ ਠਹਿਰਾਇਆ। ਇੰਨਾ ਹੀ ਨਹੀਂ ਉਸ ਨੇ ਆਪਣੇ ਖਿਲਾਫ ਗਲਤ ਬੋਲਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ''ਜ਼ਰਾ ਸੋਚ ਸਮਝ ਕੇ ਬੋਲੋ ਫੋਨ ਟੈਪ ਸਾਨੂੰ ਵੀ ਕਰਵਾਉਣੇ ਆਉਂਦੇ ਹਨ।'' ਇਥੇ ਇਹ ਦੱਸਣਯੋਗ ਹੈ ਕਿ ਫੇਸਬੁਕ 'ਤੇ ਵਿਪਨ ਸ਼ਰਮਾ ਦੇ ਕਤਲ ਦਾ ਇਜ਼ਹਾਰ ਕਰਨ ਤੋਂ ਬਾਅਦ ਸਾਰਜ ਸੰਧੂ ਨੇ ਆਪਣੇ ਪੇਜ ਤੋਂ ਇਹ ਪੋਸਟ ਕੁਝ ਘੰਟਿਆਂ ਬਾਅਦ ਹੀ ਡਿਲੀਟ ਕਰ ਦਿੱਤੀ।