ਵਿਜੀਲੈਂਸ ਖਿਲਾਫ਼ ਆੜ੍ਹਤੀਆਂ ਵੱਲੋਂ 18 ਤੋਂ ਮੰਡੀਆਂ ਦੇ ਬਾਈਕਾਟ ਦੀ ਤਾੜਨਾ

10/15/2017 10:02:50 AM


ਜਗਰਾਓਂ (ਜਸਬੀਰ ਸ਼ੇਤਰਾ)- ਫ਼ੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਪੰਜਾਬ ਵਿਜੀਲੈਂਸ ਬਿਊਰੋ 'ਤੇ ਆੜ੍ਹਤੀਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ 17 ਅਕਤੂਬਰ ਤੱਕ ਵਿਜੀਲੈਂਸ ਨੂੰ ਮੰਡੀਆਂ ਤੋਂ ਦੂਰ ਕਰ ਲਿਆ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ 18 ਅਕਤੂਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ 'ਚ ਕੰਮਕਾਜ ਠੱਪ ਕਰ ਕੇ ਕੰਮ ਦਾ ਬਾਈਕਾਟ ਕਰਨ ਦੀ ਤਾੜਨਾ ਕੀਤੀ। 
ਉਨ੍ਹਾਂ ਸੂਬੇ ਦੇ ਸਮੂਹ ਆੜ੍ਹਤੀਆਂ ਨੂੰ 18 ਅਕਤੂਬਰ ਤੋਂ ਝੋਨੇ ਦੀ ਖਰੀਦ, ਸਫ਼ਾਈ, ਲਦਾਈ, ਭਰਾਈ ਆਦਿ ਦੇ ਸਾਰੇ ਕੰਮ ਤੋਂ ਖ਼ੁਦ ਨੂੰ ਪਾਸੇ ਕਰ ਲੈਣ ਦੀ ਅਪੀਲ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਝੋਨੇ ਦੇ ਅਗਲੇ ਹਫ਼ਤੇ ਤੋਂ ਤੇਜ਼ੀ ਫੜ ਰਹੇ ਸੀਜ਼ਨ 'ਚ ਨਵਾਂ ਸੰਕਟ ਖੜ੍ਹਾ ਹੋ ਸਕਦਾ ਹੈ। ਦੀਵਾਲੀ ਤੋਂ ਬਾਅਦ ਝੋਨੇ ਦੀ ਆਮਦ ਇਕਦਮ ਤੇਜ਼ ਹੋਣ ਦੇ ਆਸਾਰ ਹਨ। ਕਾਲੜਾ ਨੇ ਕਿਹਾ ਕਿ ਵਿਜੀਲੈਂਸ ਨੂੰ ਆੜ੍ਹਤੀਆਂ ਤੇ ਮੰਡੀਆਂ ਤੋਂ ਦੂਰ ਰੱਖਣ ਦੀ ਪਹਿਲਾਂ ਕੀਤੀ ਗਈ ਤਾੜਨਾ ਦੇ ਬਾਵਜੂਦ ਬੀਤੇ ਦਿਨ ਸੰਗਰੂਰ, ਧੂਰੀ, ਬਠਿੰਡਾ, ਭਵਾਨੀਗੜ੍ਹ ਆਦਿ ਮੰਡੀਆਂ 'ਚ ਵਿਜੀਲੈਂਸ ਅਧਿਕਾਰੀਆਂ ਵੱਲੋਂ ਦਸਤਕ ਦੇਣ ਦੀ ਸੂਚਨਾ ਹੈ। 2 ਮੰਡੀਆਂ ਵਿਚ ਤਾਂ ਆੜ੍ਹਤੀਆਂ ਨਾਲ ਕਥਿਤ ਬਦਸਲੂਕੀ ਤੇ ਇਕ ਮੰਡੀ ਵਿਚ ਆੜ੍ਹਤੀਆਂ ਵੱਲੋਂ ਵਿਰੋਧ 'ਚ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਕੰਮ ਕਰਨ ਵਾਲੇ ਵਪਾਰੀ ਹਨ ਨਾ ਕਿ ਚੋਰ-ਡਾਕੂ, ਜੇਕਰ ਸਰਕਾਰ ਨੇ ਕੁਝ ਨਹੀਂ ਕਰਨਾ ਤਾਂ ਮੰਡੀ ਬੋਰਡ ਨੂੰ ਵਿਜੀਲੈਂਸ ਹਵਾਲੇ ਕਰ ਦਿੱਤਾ ਜਾਵੇ ਅਤੇ ਵਿਜੀਲੈਂਸ ਪਾਸੋਂ ਹੀ ਝੋਨੇ ਦੀ ਖਰੀਦ ਸਮੇਤ ਮੰਡੀਆਂ ਦਾ ਸਮੁੱਚਾ ਕੰਮ ਕਰਵਾ ਲਿਆ ਜਾਵੇ। ਆੜ੍ਹਤੀਆਂ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮੰਡੀ ਬੋਰਡ ਦੇ ਆੜ੍ਹਤੀਆਂ ਸਬੰਧੀ ਕੁਝ ਨਿਯਮ ਕਾਨੂੰਨ ਹਨ, ਜੇਕਰ ਕੋਈ ਆੜ੍ਹਤੀ ਇਨ੍ਹਾਂ ਦੀ ਉਲੰਘਣਾ ਕਰਦਾ ਹੈ ਜਾਂ ਕਿਸੇ ਕਿਸਮ ਦਾ ਗਲਤ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਇਨ੍ਹਾਂ ਨਿਯਮਾਂ ਤਹਿਤ ਕਾਰਵਾਈ/ਜੁਰਮਾਨੇ ਦਾ ਸਵਾਗਤ ਹੈ ਪਰ ਜੀ. ਐੱਸ. ਟੀ. ਤੇ ਮੰਦਹਾਲੀ ਕਰ ਕੇ ਪਹਿਲਾਂ ਹੀ ਟੁੱਟੇ ਹੋਏ ਵਪਾਰੀ ਨੂੰ ਵਿਜੀਲੈਂਸ ਵਿਭਾਗ ਦਬਾਅ ਅਧੀਨ ਹੋਰ ਨੱਪਣ ਦੀ ਕੋਸ਼ਿਸ਼ ਨਾ ਕਰੇ।