ਸਰਕਾਰੀ ਸਕੂਲਾਂ ਦਾ ਨਾਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ''ਤੇ ਰੱਖਣ ਨੂੰ ਮਿਲੀ ਪ੍ਰਵਾਨਗੀ

02/19/2020 1:22:29 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਵਿੱਦਿਅਕ ਅਦਾਰਿਆਂ ਦਾ ਨਾਂ ਅਹਿਮ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖਣ ਦੀ ਨੀਤੀ ਅਧੀਨ ਸੂਬੇ ਦੇ 4 ਸਕੂਲਾਂ ਨੂੰ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦਾ ਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਕਾਰਜ ਨੂੰ ਅਮਲ 'ਚ ਲਿਆਉਣ ਦੀ ਪ੍ਰਵਾਨਗੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਸੂਬੇ ਦੀਆਂ ਨਾਮਵਰ ਸ਼ਖ਼ਸੀਅਤਾਂ ਵਲੋਂ ਕੀਤੇ ਗਏ ਵਿਲੱਖਣ ਕਾਰਜਾਂ, ਉਨ੍ਹਾਂ ਦੀ ਦੇਣ ਨੂੰ ਬਰਕਰਾਰ ਰੱਖਣ ਅਤੇ ਸਮਾਜ 'ਚ ਬਣਦਾ ਸਤਿਕਾਰ ਦਿਵਾਉਣਾ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਇਹ ਉਦਮ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ (ਮੋਗਾ) ਦਾ ਨਾਂ ਬਦਲ ਕੇ ਗਦਰੀ ਬਾਬਾ ਬਿਸ਼ਨ ਸਿੰਘ ਹਿੰਦੀ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ, ਅਮਲੋਹ ਰੋਡ ਖੰਨਾ (ਲੁਧਿਆਣਾ) ਦਾ ਨਾਂ ਰਘਬੀਰ ਸਿੰਘ ਫ਼ਰੀਡਮ ਫ਼ਾਈਟਰ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਰੌਲੀ (ਰੂਪਨਗਰ) ਦਾ ਨਾਂ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਰੌਲੀ ਰੱਖਿਆ ਗਿਆ ਹੈ, ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ (ਸੰਗਰੂਰ) ਦਾ ਨਾਂ ਹੌਲਦਾਰ ਬਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਸੋਢੀਆਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।

Anuradha

This news is Content Editor Anuradha