ਵਿਜੀਲੈਂਸ ਦਾ ਵੱਡਾ ਐਕਸ਼ਨ : ਇਕ ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

02/21/2023 8:33:43 PM

ਫ਼ਿਰੋਜ਼ਪੁਰ (ਕੁਮਾਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਮੰਗਲਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ ਮਾਲ ਹਲਕੇ ਦੇ ਇਕ ਮਾਲ ਪਟਵਾਰੀ ਬਲਕਾਰ ਸਿੰਘ ਨੂੰ ਜ਼ਮੀਨ ਐਕਵਾਇਰ ਕਰਨ ਦੌਰਾਨ ਦੋ ਪ੍ਰਾਈਵੇਟ ਵਿਅਕਤੀਆਂ ਦੀ ਮਿਲੀਭੁਗਤ ਨਾਲ 1,11,08,236 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਵਿਜੀਲੈਂਸ ਨੇ ਪਾਇਆ ਕਿ ਪੰਜਾਬ ਸਰਕਾਰ ਨੇ ਬੀ.ਐੱਸ.ਐੱਫ਼ ਲਈ ਸਾਲ 2002-2012 ਦੌਰਾਨ ਪਿੰਡ ਪੱਲਾ ਮੇਘਾ ਨੇੜੇ ਨਿਊ ਮੁਹੰਮਦੀ ਵਾਲਾ ਸਰਹੱਦੀ ਚੌਕੀ ਬਣਾਉਣ  ਲਈ 46 ਕਨਾਲ ਜ਼ਮੀਨ ਐਕੁਆਇਰ ਕੀਤੀ ਸੀ।  ਉਨ੍ਹਾਂ ਅੱਗੇ ਦੱਸਿਆ ਕਿ ਉਕਤ ਪਟਵਾਰੀ, ਜੋ ਕਾਨੂੰਗੋ ਵਜੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਨੇ ਦੋ ਹੋਰ ਦੋਸ਼ੀਆਂ ਬਿੱਲੂ ਸਿੰਘ ਵਾਸੀ ਪੱਲਾ ਮੇਘਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਅੰਮ੍ਰਿਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ, ਜ਼ਿਲ੍ਹਾ ਤਰਨਤਾਰਨ ਨਾਲ ਮਿਲੀਭੁਗਤ ਕਰਕੇ 1,11,08,236 ਰੁਪਏ ਦਾ ਗਬਨ ਕੀਤਾ ਸੀ। ਦੋਸ਼ੀ ਪਟਵਾਰੀ ਨੇ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਫੇਰ ਬਦਲ ਕਰਕੇ ਉਕਤ ਸਹਿ- ਦੋਸ਼ੀਆਂ ਦੇ ਨਾਂ ਜ਼ਮੀਨ ਦੇ ਮਾਲਕਾਂ ਵਜੋਂ ਦਰਜ ਕਰ ਦਿੱਤੇ ਸਨ।

ਇਹ ਵੀ ਪੜ੍ਹੋ : ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਦਿੱਤਾ ਵੇਰਵਾ

ਇਸ ਉਪਰੰਤ ਉਸ ਨੇ 07-11-2012 ਨੂੰ ਦੋਵਾਂ ਸਹਿ-ਦੋਸ਼ੀਆਂ ਨੂੰ ਫਰਜ਼ੀ ਰਿਕਾਰਡ ਦੇ ਅਧਾਰ 'ਤੇ ਮੁਆਵਜ਼ੇ ਵਜੋਂ 55,54,118 ਰੁਪਏ ਦੇ ਦੋ ਚੈੱਕ ਵੀ ਜਾਰੀ ਕਰਵਾ ਦਿੱਤੇ। ਇਸ ਦੇ ਨਾਲ ਹੀ ਦੋਸ਼ੀ ਪਟਵਾਰੀ ਨੇ ਸਹਿ-ਦੋਸ਼ੀਆਂ ਨੂੰ ਆਰਥਿਕ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਸਰਕਾਰੀ ਜ਼ਮੀਨ ਦੀ ਥਾਂ ਨਾਲ ਲਗਦੀ 16 ਕਨਾਲ ਅਤੇ 16 ਮਰਲੇ ਪ੍ਰਾਈਵੇਟ ਜ਼ਮੀਨ ਐਕਵਾਇਰ ਕਰਵਾ ਦਿੱਤੀ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ ‘ਤੇ ਉਕਤ ਤਿੰਨਾਂ ਦੋਸ਼ੀਆਂ ਵਿਰੁੱਧ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।

Mandeep Singh

This news is Content Editor Mandeep Singh