ਵਿਜੀਲੈਂਸ ਨੇ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ’ਚ BDPO ਤੇ ਬਲਾਕ ਸੰਮਤੀ ਦਾ ਚੇਅਰਮੈਨ ਕੀਤਾ ਗ੍ਰਿਫ਼ਤਾਰ

09/28/2022 12:29:03 AM

ਚੰਡੀਗੜ੍ਹ (ਬਿਊਰੋ) : ਸੂਬੇ ’ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਿੱਧਵਾਂ ਬੇਟ ਬਲਾਕ, ਲੁਧਿਆਣਾ ਦੇ ਬੀ. ਡੀ. ਪੀ. ਓ. ਸਤਵਿੰਦਰ ਸਿੰਘ ਕੰਗ ਅਤੇ ਸਿੱਧਵਾਂ ਬੇਟ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ 26 ਪਿੰਡਾਂ ’ਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਨੂੰ ਮਨਜ਼ੂਰਸ਼ੁਦਾ ਰੇਟ ਤੋਂ ਦੁੱਗਣੀ ਕੀਮਤ ’ਤੇ ਖਰੀਦ ਕੇ ਸਰਕਾਰੀ ਫੰਡਾਂ ’ਚ 65 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਨੰਬਰ 03 ਮਿਤੀ 12-07-2022 ਦੀ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀ. ਡੀ. ਪੀ. ਓ. (ਹੁਣ ਮੁਅੱਤਲ) ਨੂੰ ਸਿੱਧਵਾਂ ਬੇਟ ਬਲਾਕ ’ਚ ਆਪਣੀ ਤਾਇਨਾਤੀ ਦੌਰਾਨ 26 ਪਿੰਡਾਂ ’ਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਗਰਾਂਟ ਪ੍ਰਾਪਤ ਹੋਈ ਸੀ। ਫੰਡਾਂ ’ਚ ਹੇਰਾਫੇਰੀ ਕਰਨ ਲਈ ਉਕਤ ਬੀ.ਡੀ.ਪੀ.ਓ. ਨੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਜ਼ਰੀਏ 3325 ਰੁਪਏ ਦੇ ਪ੍ਰਵਾਨਿਤ ਰੇਟ ਦੇ ਮੁਕਾਬਲੇ ਜਾਣਬੁੱਝ ਕੇ 7288 ਰੁਪਏ ਪ੍ਰਤੀ ਲਾਈਟ ਦੇ ਹਿਸਾਬ ਨਾਲ ਇਹ ਲਾਈਟਾਂ ਖਰੀਦੀਆਂ ਸਨ। ਇਸ ਤਰ੍ਹਾਂ ਉਸ ਨੇ 65 ਲੱਖ ਰੁਪਏ ਦੀ ਸਰਕਾਰੀ ਗਰਾਂਟ ਦਾ ਘਪਲਾ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਵਿਧਾਨ ਸਭਾ ’ਚ ‘ਭਰੋਸਗੀ ਮਤਾ’ ਪੇਸ਼, ਭਾਜਪਾ ਨੇ ਬੁਲਾਈ ਜਨਤਾ ਦੀ ਵਿਧਾਨ ਸਭਾ, ਪੜ੍ਹੋ Top 10

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਥਾਣਾ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਵਿਖੇ ਆਈ. ਪੀ. ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13(2) ਤਹਿਤ ਬੀ. ਡੀ. ਪੀ. ਓ. ਸਤਵਿੰਦਰ ਸਿੰਘ ਕੰਗ ਅਤੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਖ਼ਿਲਾਫ਼ ਐੱਫ. ਆਈ. ਆਰ. ਨੰਬਰ 10 ਮਿਤੀ 27-09-2022 ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਬਾਅਦ ’ਚ ਸਿੱਧਵਾਂ ਬੇਟ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ ਵੀ ਇਸ ਕੇਸ ’ਚ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ’ਚ ਬੀ.ਡੀ.ਪੀ.ਓ. ਅਤੇ ਚੇਅਰਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਹੋਰ ਤਫ਼ਤੀਸ਼ ਜਾਰੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਮੈਂਬਰਾਂ ਵੱਲੋਂ 30-12-2021 ਨੂੰ ਸਟਰੀਟ ਲਾਈਟਾਂ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਮੁਲਜ਼ਮ ਬੀ.ਡੀ.ਪੀ.ਓ. ਨੇ ਮਤਾ ਪਾਸ ਹੋਣ ਤੋਂ ਪਹਿਲਾਂ ਹੀ 27-12-2021 ਨੂੰ ਕੋਟੇਸ਼ਨ ਮਨਜ਼ੂਰ ਕਰ ਦਿੱਤੀ। ਫੰਡਾਂ ’ਚ ਘਪਲੇ ਦੀ ਮਨਸ਼ਾ ਨਾਲ ਉਪਰੋਕਤ ਬੀ.ਡੀ.ਪੀ.ਓ. ਨੇ 26 ਪਿੰਡਾਂ ’ਚ ਇਹ ਸਟਰੀਟ ਲਾਈਟਾਂ ਬਿਨਾਂ ਲਾਏ ਹੀ ਇਸ ਦਾ ਮੁਕੰਮਲਤਾ ਸਰਟੀਫਿਕੇਟ ਵੀ ਤਿਆਰ ਕਰ ਲਿਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ’ਚ ਵੱਡਾ ਫੇਰਬਦਲ, 71 ASP ਤੇ DSP ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ


 

Manoj

This news is Content Editor Manoj