ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, PSPCL ਦੇ ਲਾਈਨਮੈਨ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

06/22/2023 7:07:21 PM

ਫਾਜ਼ਿਲਕਾ (ਨਾਗਪਾਲ, ਲੀਲਾਧਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਉਪ-ਮੰਡਲ ਦੇ ਖੂਈ ਖੇੜਾ ਵਿਖੇ ਤਾਇਨਾਤ ਪੀ. ਐੱਸ. ਪੀ. ਸੀ. ਐੱਲ. ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਕਤ ਲਾਈਨਮੈਨ ਨੂੰ ਪ੍ਰਦੀਪ ਕੁਮਾਰ ਵਾਸੀ ਪਿੰਡ ਬਜ਼ੀਦਪੁਰ ਕੱਟਿਆਂਵਾਲੀ, ਜੋ ਆਪਣੇ ਪਿੰਡ ’ਚ ਬਾਲਾਜੀ ਮਿਲਕ ਸੈਂਟਰ ਚਲਾਉਂਦਾ ਹੈ, ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਦੀ ਸਬ-ਕਮੇਟੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੰਚਾਇਤਾਂ ਦਾ ਸੋਸ਼ਲ ਆਡਿਟ ਕਰਵਾਉਣ ਦੇ ਦਿੱਤੇ ਨਿਰਦੇਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਫਾਜ਼ਿਲਕਾ ਯੂਨਿਟ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਈਨਮੈਨ ਮਹਿੰਦਰ ਕੁਮਾਰ ਨੇ ਬਾਲਾਜੀ ਮਿਲਕ ਸੈਂਟਰ ਦੇ ਅਪ੍ਰੈਲ, 2023 ਮਹੀਨੇ ’ਚ 73,790 ਰੁਪਏ ਦੇ ਆਏ ਬਿਜਲੀ ਬਿੱਲ ਦਾ ਨਿਪਟਾਰਾ ਕਰਨ ਬਦਲੇ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਅਹਿਮ ਬਿਆਨ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ 52,360 ਰੁਪਏ ਬਿਜਲੀ ਦਾ ਬਿੱਲ ਆਇਆ ਸੀ ਅਤੇ ਉਕਤ ਲਾਈਨਮੈਨ ਨੇ ਇਸ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਬਦਲੇ ਉਸ ਕੋਲੋਂ 21,000 ਰੁਪਏ ਲਏ ਸਨ ਪਰ ਜਦੋਂ ਉਸ ਦਾ ਅਪ੍ਰੈਲ ਮਹੀਨੇ ਦਾ ਬਿਜਲੀ ਦਾ ਬਿੱਲ 73,790 ਰੁਪਏ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ’ਚ ਫਰਵਰੀ ਮਹੀਨੇ ਦਾ ਬਿੱਲ ਵੀ ਜੋੜਿਆ ਹੋਇਆ ਸੀ, ਇਸ ਲਈ ਉਸ ਨੇ ਦੁਬਾਰਾ ਲਾਈਨਮੈਨ ਨਾਲ ਸੰਪਰਕ ਕੀਤਾ ਤਾਂ ਲਾਈਨਮੈਨ ਨੇ ਉਸ (ਸ਼ਿਕਾਇਤਕਰਤਾ) ਤੋਂ ਹੋਰ 40,000 ਰੁਪਏ ਦੀ ਮੰਗ ਕੀਤੀ।

ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਇਸ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਕੋਲੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਲਾਈਨਮੈਨ ਖਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 

Manoj

This news is Content Editor Manoj