ਅਕਾਲੀਆਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਬਣਿਆ ਸਰਕਾਰ ਲਈ ਗਲੇ ਦੀ ਹੱਡੀ

03/17/2018 10:39:56 AM

ਬੁਢਲਾਡਾ (ਮਨਜੀਤ)-ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਕਰਨ ਵਾਲੇ ਰੋਸ ਮੁਜ਼ਾਹਰੇ ਨੂੰ ਰੋਕਣ ਲਈ ਗ੍ਰਹਿ ਵਿਭਾਗ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰ ਵੱਲੋਂ ਥਾਂ-ਥਾਂ 'ਤੇ ਕਿਸਾਨਾਂ ਨੂੰ ਰੋਕ ਰੱਖਿਆ ਹੈ। ਇਸ ਦੇ ਨਾਲ ਹੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੇ ਕੀਤੇ ਵਾਅਦੇ ਅਤੇ ਹਰ ਘਰ ਨੂੰ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਯਾਦ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਨੂੰ ਘੇਰਨ ਦੇ ਕੀਤੇ ਐਲਾਨ ਨੇ ਪੰਜਾਬ ਸਰਕਾਰ ਨੂੰ ਫਿਕਰਾਂ 'ਚ ਪਾ ਦਿੱਤਾ ਹੈ। 
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਬੁੱਧਵਾਰ ਨੂੰ ਕੋਰ ਕਮੇਟੀ, ਜ਼ਿਲਾ ਜਥੇਦਾਰ, ਹਲਕਾ ਇੰਚਾਰਜਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੰਡੀਗੜ੍ਹ ਦੇ ਨੇੜਲੇ ਹਲਕਿਆਂ ਤੋਂ 2 ਤੋਂ 3 ਹਜ਼ਾਰ ਅਕਾਲੀ ਵਰਕਰ ਅਤੇ ਦੂਜੇ ਦੂਰ-ਦੁਰਾਡੇ ਹਲਕਿਆਂ 'ਚੋਂ 1 ਤੋਂ ਡੇਢ ਹਜ਼ਾਰ ਵਰਕਰ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਨਾਲ ਹੀ ਆਪੋ-ਆਪਣੇ ਵਰਕਰਾਂ ਨੂੰ ਸਾਧਨ ਲਿਆਉਣ ਦੀ ਜ਼ਿੰਮੇਵਾਰੀ ਹਲਕਾ ਇੰਚਾਰਜਾਂ ਨੂੰ ਦਿੱਤੀ ਗਈ ਹੈ, ਭਾਵੇਂ ਕੋਈ ਵੀ ਸਾਧਨ ਰਾਹੀਂ ਉਹ ਚੰਡੀਗੜ੍ਹ ਪਹੁੰਚਣ ਕਿਉਂਕਿ ਪਾਰਟੀ ਨੂੰ ਇਸ ਗੱਲ ਦਾ ਖਤਰਾ ਦਿਖਾਈ ਦੇ ਰਿਹਾ ਹੈ ਕਿ ਪ੍ਰਾਈਵੇਟ ਟ੍ਰਾਂਸਪੋਰਟਰ ਸਰਕਾਰੀ ਡਰ ਕਾਰਨ ਕਿਸੇ ਵੀ ਕੀਮਤ 'ਤੇ ਬੱਸਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਦਾ ਰਿਸਕ ਨਹੀਂ ਲੈਣਗੇ।