10 ਸੂਬਿਆਂ ਦੇ ਵਿਗਿਆਨੀਆਂ ਨੂੰ ਦਿੱਤੀ ਵੈਟਰਨਰੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਿਖਲਾਈ

11/17/2017 10:24:10 AM

ਲੁਧਿਆਣਾ (ਸਲੂਜਾ) : 'ਪਸ਼ੂ ਪਾਲਣ ਕਿੱਤਿਆਂ ਵਾਸਤੇ ਵਧੀਆ ਨਰ ਪਸ਼ੂ ਦੀ ਚੋਣ, ਪ੍ਰਜਨਣ ਤੋਂ ਪਹਿਲਾਂ ਮੁਲਾਂਕਣ ਤੇ ਵਧੀਆ ਨਸਲ ਦੇ ਨਰ ਪੈਦਾ ਕਰਨ ਲਈ ਵੀਰਜ ਦੀ ਗੁਣਵੱਤਾ ਵਧਾਉਣ' ਸਬੰਧੀ ਸਿਖਲਾਈ ਦੇਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 21 ਦਿਨ ਦਾ ਵਿਸ਼ੇਸ਼ ਸਿਖਲਾਈ ਕੋਰਸ ਕਰਵਾਇਆ ਗਿਆ। ਯੂਨੀਵਰਸਿਟੀ ਦੇ ਪਸ਼ੂ ਪ੍ਰਜਨਣ ਵਿਭਾਗ ਵੱਲੋਂ ਕਰਵਾਏ ਇਸ ਕੋਰਸ 'ਚ 10 ਰਾਜਾਂ ਦੇ 17 ਸਾਇੰਸਦਾਨਾਂ ਨੇ ਸਿਖਲਾਈ ਲਈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਯੋਜਿਤ ਇਸ ਸਿਖਲਾਈ ਲਈ ਮੁਲਕ ਦੀਆਂ ਵੱਖੋ-ਵਖਰੀਆਂ ਵੈਟਰਨਰੀ ਤੇ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਇਸ 'ਚ ਸ਼ਾਮਲ ਹੋਏ।
ਸਿਖਲਾਈ ਦਾ ਉਦੇਸ਼ ਪਸ਼ੂ ਪਾਲਣ ਕਿੱਤਿਆਂ ਲਈ ਵਧੀਆ ਨਸਲ ਦੇ ਨਰ ਪਸ਼ੂ ਪੈਦਾ ਕਰਨ 'ਤੇ ਕੇਂਦਰਿਤ ਸੀ। ਬਿਹਤਰ ਨਸਲ ਦੇ ਸਾਨ੍ਹ, ਝੋਟੇ ਤੇ ਹੋਰ ਨਰ ਪਸ਼ੂ ਲੈਣ ਲਈ ਕਿਹੜੇ-ਕਿਹੜੇ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇ, ਵੀਰਜ ਦੀ ਕਵਾਲਿਟੀ ਕਿਸ ਤਰੀਕੇ ਨਾਲ ਬਿਹਤਰ ਕੀਤੀ ਜਾਏ ਅਤੇ ਭਰੂਣ ਲੈ ਕੇ ਉਸ ਨੂੰ ਸਥਾਪਿਤ ਕਰਨ ਸਬੰਧੀ ਵੱਖੋ-ਵਖਰੇ ਨੁਕਤਿਆਂ 'ਤੇ ਇਨ੍ਹਾਂ ਸਿੱਖਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਕਈ ਵਿਸ਼ਾ ਮਾਹਿਰਾਂ ਵਲੋਂ ਇੰਟਰਨੈੱਟ ਦੇ ਮਾਧਿਅਮ ਰਾਹੀਂ ਸਿੱਖਿਅਤ ਕੀਤਾ ਗਿਆ। ਜਿਨ੍ਹਾਂ ਵਿਚ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਦੇ ਡਾ. ਦਿਨੇਸ਼ ਦਾਦਰਵਾਲ ਅਤੇ ਮੁਲਤਾਨ ਪਾਕਿਸਤਾਨ ਦੇ ਡਾ. ਏਜਾਜ਼ ਅਹਿਮਦ ਪ੍ਰਮੁੱਖ ਸਨ। ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਕਿਹਾ ਕਿ ਇਸ ਸਿਖਲਾਈ ਨਾਲ ਵਿਗਿਆਨੀਆਂ ਨੂੰ ਪਸ਼ੂ ਪਾਲਣ ਕਿੱਤਿਆਂ ਵਿਚ ਨਸਲ ਸੁਧਾਰ ਦਾ ਕੰਮ ਕਰਨ ਲਈ ਬਹੁਤ ਵੱਡੀ ਮਦਦ ਮਿਲੇਗੀ। ਪ੍ਰੋਗਰਾਮ ਦੀ ਸਮਾਪਤੀ ਮੌਕੇ, ਡਾ. ਸਿਮਰਤ ਸਾਗਰ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਆਏ ਹੋਏ ਪ੍ਰਤੀਭਾਗੀਆਂ ਨੂੰ ਸੰਬੋਧਿਤ ਕੀਤਾ। ਡਾ. ਪ੍ਰਹਿਲਾਦ ਸਿੰਘ ਨੇ ਸਿਖਲਾਈ ਨਿਰਦੇਸ਼ਕ ਅਤੇ ਡਾ. ਅਜੀਤ ਕੁਮਾਰ ਅਤੇ ਡਾ. ਅਸ਼ਵਨੀ ਕੁਮਾਰ ਸਿੰਘ ਨੇ ਬਤੌਰ ਸੰਯੋਜਕ ਸਾਰੀ ਸਿਖਲਾਈ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਿਆ।