ਕਾਂਗਰਸ-ਅਕਾਲੀ ਦਲ ਦੇ ਸਾਬਕਾ ਭ੍ਰਿਸ਼ਟਾਚਾਰੀ ਮੰਤਰੀਆਂ ਖ਼ਿਲਾਫ਼ ਜਾਂਚ ਜਾਰੀ: ਵਰਿੰਦਰ ਕੁਮਾਰ

12/21/2022 1:04:28 PM

ਜਲੰਧਰ (ਧਵਨ)- ਪੰਜਾਬ ਵਿਚ 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੋਂ ਵਿਜੀਲੈਂਸ ਬਿਊਰੋ ਦਾ ਚਾਰਜ ਸੌਂਪਿਆ ਹੈ, ਉਦੋਂ ਤੋਂ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਦੀ ਜਾਂਚ ’ਚ ਤੇਜ਼ੀ ਆਈ ਹੈ। ਵਰਿੰਦਰ ਕੁਮਾਰ, ਜੋ ਪਹਿਲਾਂ ਏ. ਡੀ. ਜੀ. ਪੀ. (ਲਾਅ ਐਂਡ ਆਰਡਰ) ਰਹਿ ਚੁੱਕੇ ਹਨ, ਨੂੰ ਪੰਜਾਬ ਵਿਜੀਲੈਂਸ ਬਿਊਰੋ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਮੁੱਦਿਆਂ ਬਾਰੇ ਕੁਝ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਬੇਬਾਕ ਜਵਾਬ ਦਿੱਤਾ :

ਸਵਾਲ : ਵਿਜੀਲੈਂਸ ਬਿਊਰੋ ਨੇ ਪਿਛਲੇ ਸਮੇਂ ’ਚ ਕਈ ਸਾਬਕਾ ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਹਨ। ਕੀ ਸਾਬਕਾ ਮੰਤਰੀਆਂ ਖ਼ਿਲਾਫ਼ ਵਿਜੀਲੈਂਸ ਕੋਲ ਕੋਈ ਹੋਰ ਵੀ ਕੇਸ ਸਾਬਕਾ ਮੰਤਰੀਆਂ ਖ਼ਿਲਾਫ਼ ਵਿਚਾਰ ਅਧੀਨ ਹੈ?
- ਵਿਜੀਲੈਂਸ ਬਿਊਰੋ ਕੋਲ ਜਿਵੇਂ-ਜਿਵੇਂ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਪੜਤਾਲ ਲਈ ਪਹੁੰਚ ਰਹੀਆਂ ਹਨ, ਉਵੇਂ-ਉਵੇਂ ਹੀ ਵਿਜੀਲੈਂਸ ਬਿਊਰੋ ਆਪਣਾ ਕੰਮ ਪੂਰਾ ਕਰ ਰਿਹਾ ਹੈ। ਇਸ ਵੇਲੇ ਵਿਜੀਲੈਂਸ ਬਿਊਰੋ ਕੋਲ 3 ਤੋਂ 4 ਹੋਰ ਸਾਬਕਾ ਮੰਤਰੀਆਂ ਖ਼ਿਲਾਫ਼ ਕੇਸ ਪੜਤਾਲ ਲਈ ਆਏ ਹੋਏ ਹਨ। ਜਿਵੇਂ ਹੀ ਪੜਤਾਲ ਦਾ ਕੰਮ ਪੂਰਾ ਹੋਵੇਗਾ, ਉਵੇਂ ਹੀ ਵਿਜੀਲੈਂਸ ਬਿਊਰੋ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਕਿਸੇ ਵੀ ਮਾਮਲੇ ’ਚ ਪਿਕ ਐਂਡ ਚੂਜ਼ ਨਹੀਂ ਕਰੇਗਾ। ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।

ਸਵਾਲ : ਆਮ ਤੌਰ ’ਤੇ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਸਬੰਧੀ ਕੇਸ ਤਾਂ ਦਰਜ ਕਰ ਲੈਂਦਾ ਹੈ ਪਰ ਬਾਅਦ ਵਿਚ ਇਹ ਕੇਸ ਕਿਸੇ ਪੜਾਅ ਤੱਕ ਨਹੀਂ ਪਹੁੰਚਦੇ। ਕੇਸ ’ਚ ਨਾਮਜ਼ਦ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਸਜ਼ਾ ਨਹੀਂ ਮਿਲਦੀ। ਇਸ ਬਾਰੇ ਤੁਹਾਡਾ ਕੀ ਸਟੈਂਡ ਹੈ?
- ਪਹਿਲਾਂ ਕੀ ਕੁਝ ਹੋਇਆ, ਇਸ ਬਾਰੇ ਮੈਂ ਕੁਝ ਨਹੀਂ ਕਹਾਂਗਾ ਪਰ ਹੁਣ ਸਾਡਾ ਮਕਸਦ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਨਾਮਜ਼ਦ ਸਿਆਸਤਦਾਨਾਂ ਅਤੇ ਹੋਰਨਾਂ ਨੂੰ ਅਦਾਲਤ ਤੋਂ ਸਜ਼ਾ ਦਿਵਾਉਣਾ ਹੈ। ਵਿਜੀਲੈਂਸ ਬਿਊਰੋ ਆਪਣਾ ਕੰਮ ਪੂਰਾ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਹ ਕੇਸ ਅਦਾਲਤ ’ਚ ਪੇਸ਼ ਕਰ ਦਿੰਦਾ ਹੈ। ਅਦਾਲਤ ਨੇ ਸਜ਼ਾ ਦੇਣੀ ਹੈ ਪਰ ਸਾਡੀ ਪਹਿਲ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਜਲੰਧਰ ਵਿਖੇ ਵਿਧਾਇਕ ਰਮਨ ਅਰੋੜਾ ਦੇ ਘਰ ਪੁੱਜੇ, ਵੇਖੋ ਤਸਵੀਰਾਂ

ਸਵਾਲ : ਵਿਜੀਲੈਂਸ ਬਿਊਰੋ ਹੁਣ ਤੱਕ ਕਿੰਨੇ ਸਾਬਕਾ ਮੰਤਰੀਆਂ ਖਿਲਾਫ ਅਦਾਲਤ ’ਚ ਚਲਾਨ ਪੇਸ਼ ਕਰ ਚੁੱਕਾ ਹੈ?
- ਸਾਬਕਾ ਮੰਤਰੀ ਸੁੰਦਰ ਸ਼ਿਆਮ ਅਰੋੜਾ, ਡਾ. ਸਾਧੂ ਸਿੰਘ ਧਰਮਸੌਤ ਅਤੇ ਭਾਰਤ ਭੂਸ਼ਣ ਆਸ਼ੂ ਦੇ ਕੇਸਾਂ ’ਚ ਚਲਾਨ ਅਦਾਲਤ ’ਚ ਵਿਜੀਲੈਂਸ ਬਿਊਰੋ ਵੱਲੋਂ ਪੇਸ਼ ਕੀਤੇ ਜਾ ਚੁੱਕੇ ਹਨ। ਅਸੀਂ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਮਾਮਲੇ ’ਚ ਚਲਾਨ ਪੇਸ਼ ਕਰਨ ’ਚ ਦੇਰੀ ਨਾ ਕੀਤੀ ਜਾਵੇ, ਕਿਉਂਕਿ ਇਕ ਵਾਰ ਚਲਾਨ ਪੇਸ਼ ਹੋਣ ਤੋਂ ਬਾਅਦ ਸਬੰਧਤ ਕੇਸ ਦਾ ਟ੍ਰਾਇਲ ਸ਼ੁਰੂ ਹੋ ਜਾਂਦਾ ਹੈ। ਜਿੰਨੀ ਛੇਤੀ ਟ੍ਰਾਇਲ ਸ਼ੁਰੂ ਹੋਵੇਗਾ, ਉਨੀ ਹੀ ਛੇਤੀ ਸਬੰਧਤ ਲੋਕਾਂ ਨੂੰ ਸਜ਼ਾ ਦਿਵਾਉਣ ਵਿਚ ਮਦਦ ਮਿਲੇਗੀ। ਕੋਈ ਵੀ ਜਾਂਚ ਏਜੰਸੀ ਜਦੋਂ ਕੇਸ ਦਰਜ ਕਰਦੀ ਹੈ ਤਾਂ ਉਸ ਦਾ ਮਕਸਦ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਹੁੰਦਾ ਹੈ।

ਸਵਾਲ : ਕਿੰਨੇ ਹੋਰ ਸਾਬਕਾ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਖਿਲਾਫ ਜਾਂਚ ਚੱਲ ਰਹੀ ਹੈ। ਕੀ ਤੁਸੀਂ ਉਨ੍ਹਾਂ ਦੇ ਨਾਂ ਦੱਸੋਗੇ?
-ਫਿਲਹਾਲ ਨਾਵਾਂ ਦਾ ਖੁਲਾਸਾ ਕਰਨਾ ਉਚਿਤ ਨਹੀਂ ਹੋਵੇਗਾ ਪਰ ਜਾਂਚ ਅਤੇ ਵੈਰੀਫਿਕੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ’ਚ ਕਾਂਗਰਸ ਦੇ 2-3 ਸਾਬਕਾ ਮੰਤਰੀ ਹਨ ਅਤੇ ਇੰਨੀ ਹੀ ਗਿਣਤੀ ’ਚ ਅਕਾਲੀ ਦਲ ਦੇ ਸਾਬਕਾ ਮੰਤਰੀ ਵੀ ਸ਼ਾਮਲ ਹਨ। ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਅਤੇ ਸਬੂਤ ਸਾਹਮਣੇ ਆਉਣ ’ਤੇ ਨਾਵਾਂ ਦਾ ਖੁਲਾਸਾ ਕੀਤਾ ਜਾਵੇਗਾ।

ਸਵਾਲ : ਸਿੰਚਾਈ ਘਪਲੇ ਨੂੰ ਲੈ ਕੇ ਮੌਜੂਦਾ ਸਥਿਤੀ ਕੀ ਹੈ?
-ਸਿੰਚਾਈ ਘਪਲਾ ਵੱਡੇ ਪੱਧਰ ’ਤੇ ਹੋਇਆ ਸੀ ਅਤੇ ਇਸ ’ਚ 1-2 ਸਾਬਕਾ ਮੰਤਰੀਆਂ ਅਤੇ ਕੁਝ ਆਈ. ਏ. ਐੱਸ. ਅਧਿਕਾਰੀਆਂ ਤੋਂ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਛੇਤੀ ਹੀ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਰੱਖੀ ਜਾਵੇਗੀ। ਸਿੰਚਾਈ ਘਪਲੇ ਦੀ ਜਾਂਚ ਪਹਿਲਾਂ ਤੋਂ ਕਾਫੀ ਸਮੇਂ ਤੱਕ ਬੰਦ ਰਹੀ ਪਰ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਚਾਈ ਘਪਲੇ ਨਾਲ ਜੁੜੀ ਫਾਈਲਾਂ ਨੂੰ ਵੀ ਕਲੀਅਰੈਂਸ ਦੇ ਦਿੱਤੀ। ਹੁਣ ਸਾਰੇ ਮਾਮਲੇ ਛੇਤੀ ਤੋਂ ਛੇਤੀ ਵਿਜੀਲੈਂਸ ਕੋਲ ਪਹੁੰਚ ਰਹੇ ਹਨ। ਮੁੱਖ ਸਕੱਤਰ ਨੇ ਵੀ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸਾਂ ਨਾਲ ਸਬੰਧਤ ਫਾਈਲਾਂ ਨੂੰ ਛੇਤੀ ਕਲੀਅਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ :  ਸਰਕਾਰੀ ਸਕੂਲਾਂ ਦੀ ਦਸ਼ਾ 'ਚ ਸੁਧਾਰ ਨੂੰ ਲੈ ਕੇ ਭਗਵੰਤ ਮਾਨ ਨੇ ਸ਼ੇਅਰ ਕੀਤੀਆਂ ਤਸਵੀਰਾਂ, ਆਖੀ ਇਹ ਗੱਲ

ਸਵਾਲ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਕਿੰਨੇ ਸਿਆਸਤਦਾਨਾਂ ਖਿਲਾਫ ਪੜਤਾਲ ਚੱਲ ਰਹੀ ਹੈ?
- ਪਿਛਲੀਆਂ ਸਰਕਾਰਾਂ ’ਚ ਮੰਤਰੀ ਰਹੇ 3-4 ਸਿਆਸਤਦਾਨਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਦਾ ਕੰਮ ਕੀਤਾ ਜਾ ਰਿਹਾ ਹੈ। ਜਿਵੇਂ-ਜਿਵੇਂ ਸਬੂਤ ਮਿਲਣਗੇ, ਅਸੀਂ ਇਸ ਸਬੰਧ ’ਚ ਕਾਰਵਾਈ ਕਰਾਂਗੇ।

ਸਵਾਲ : ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਿਆਮ ਅਰੋੜਾ ਵੱਲੋਂ ਜਿਸ ਤਰ੍ਹਾਂ ਵਿਜੀਲੈਂਸ ਅਧਿਕਾਰੀ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ, ਉਸ ਤੋਂ ਬਾਅਦ ਕੀ ਵਿਜੀਲੈਂਸ ਅਧਿਕਾਰੀਆਂ ਨਾਲ ਮੁਲਾਕਾਤ ਕਰਨ ’ਚ ਸਾਬਕਾ ਮੰਤਰੀ ਅਤੇ ਸਿਆਸਤਦਾਨ ਕੰਨੀ ਕਤਰਾਉਣ ਲੱਗੇ ਹਨ?
- ਸੁਭਾਵਿਕ ਹੈ ਕਿ ਹੁਣ ਇਸ ਦਾ ਮਨੋਵਿਗਿਆਨਕ ਅਸਰ ਤਾਂ ਸਾਰਿਆਂ ’ਤੇ ਹੀ ਪਿਆ ਹੋਵੇਗਾ। ਇਕ ਵਾਰ ਜਦੋਂ ਸਿਆਸਤਦਾਨਾਂ ਨੂੰ ਪਤਾ ਲੱਗ ਗਿਆ ਕਿ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਤਾਂ ਹੁਣ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚੇਗਾ। ਉਨ੍ਹਾਂ ਕਿਹਾ ਕਿ ਇਸ ਦਾ ਸਕਾਰਾਤਮਕ ਪ੍ਰਭਾਵ ਵਿਜੀਲੈਂਸ ਬਿਊਰੋ ਦੇ ਕਾਰਜ-ਪ੍ਰਣਾਲੀ ’ਤੇ ਪਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਵੈਰੀਫਿਕੇਸ਼ਨ ਅਤੇ ਜਾਂਚ ਦਾ ਕੰਮ ਪੂਰੀ ਤਰ੍ਹਾਂ ਕਰ ਰਿਹਾ ਹੈ।

ਸਵਾਲ : ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਕਾਰਨ ਕਿੰਨਾ ਅਸਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ’ਤੇ ਪਿਆ ਹੈ?
- ਸਮਾਜ ’ਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ’ਚ ਅਜੇ ਕੁਝ ਸਮਾਂ ਹੋਰ ਲੱਗ ਸਕਦਾ ਹੈ ਪਰ ਇਹ ਤੈਅ ਹੈ ਕਿ ਹੁਣ ਖੁੱਲ੍ਹਆਮ ਕੋਈ ਵੀ ਰਿਸ਼ਵਤ ਨਹੀਂ ਮੰਗਦਾ। ਸਰਕਾਰੀ ਅਧਿਕਾਰੀਆਂ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ’ਤੇ ਦਬਾਅ ਵਧਿਆ ਹੈ। ਹੌਲੀ-ਹੌਲੀ ਇਸ ਦਾ ਹੋਰ ਅਸਰ ਹੋਵੇਗਾ। ਹੁਣ ਪੰਜਾਬ ਸਰਕਾਰ ਵੀ ਲਗਾਤਾਰ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ’ਚ ਕਲੀਅਰੈਂਸ ਦੇ ਰਹੀ ਹੈ। ਜਾਂਚ ਅਤੇ ਵੈਰੀਫਿਕੇਸ਼ਨ ਦੇ ਕੰਮ ਵੀ ਤੇਜ਼ੀ ਨਾਲ ਚੱਲ ਰਹੇ ਹਨ। ਮੁੱਖ ਮੰਤਰੀ ਤੋਂ ਵਿਜੀਲੈਂਸ ਬਿਊਰੋ ਨੇ ਹੋਰ ਸਟਾਫ਼ ਅਤੇ ਅਧਿਕਾਰੀ ਮੰਗੇ ਹਨ, ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ’ਚ ਹੋਰ ਮਦਦ ਮਿਲੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri