ਇੰਤਜ਼ਾਰ ਦੀਆਂ ਘੜੀਆਂ ਖਤਮ, ਅੱਜ ਹੈ ਵੈਲੇਨਟਾਈਨ ਡੇਅ

02/14/2020 11:14:48 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮੇਰੀ ਜ਼ਿੰਦਗੀ ਮੇਂ ਖੁਸ਼ੀਆਂ ਤੇਰੇ ਬਹਾਨੇ ਸੇ ਹੈਂ, ਆਧੀ ਤੁਝੇ ਸਤਾਨੇ ਸੇ ਹੈਂ ਆਧੀ ਤੁਝੇ ਮਨਾਨੇ ਸੇ ਹੈਂ...। ਕਿੰਨੇ ਦਿਨਾਂ ਤੋਂ ਆਪਣੇ ਪਿਆਰ ਨੂੰ ਦਿਲ ਦੀ ਗੱਲ ਕਹਿਣ ਵਾਲਿਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਵੈਲੇਨਟਾਈਨ ਡੇਅ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਦਾ ਦਿਨ ਹੈ। ਨੌਜਵਾਨ ਵਰਗ ਬਹੁਤ ਹੀ ਉਤਸ਼ਾਹ ਨਾਲ ਵੈਲੇਨਟਾਈਨ ਡੇਅ ਮਨਾਉਂਦਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਦੇਸ਼ ਵਿਚ ਵੈਲੇਨਟਾਈਨ ਡੇਅ ਜਿਹਾ ਕੋਈ ਉਤਸਵ ਮਨਾਇਆ ਜਾਂਦਾ ਸੀ, ਇਹ ਉਤਸਵ ਬਸੰਤ ਰੁੱਤ ਵਿਚ ਮਨਾਇਆ ਜਾਂਦਾ ਸੀ। ਇਸ ਉਤਸਵ 'ਚ ਕੰਨਿਆ ਆਪਣੇ ਮਨਚਾਹੇ ਵਰ ਦੀ ਚੋਣ ਕਰਦੀ ਸੀ, ਇਹ ਸਵੰਬਰ ਦੀ ਤਰ੍ਹਾਂ ਹੁੰਦਾ ਸੀ। ਲੜਕੀ ਜਿਸ ਲੜਕੇ ਦੀ ਚੋਣ ਕਰਦੀ ਸੀ, ਉਹ ਆਪਣੇ ਮਾਤਾ-ਪਿਤਾ ਨੂੰ ਇਸ ਦੀ ਸੂਚਨਾ ਦਿੰਦੀ ਸੀ ਅਤੇ ਉਸ ਦੇ ਬਾਅਦ ਉਹ ਦੋਵੇਂ ਵਿਆਹ ਦੇ ਪਵਿੱਤਰ ਬੰਧਨ ਵਿਚ ਬੰਨ੍ਹੇ ਜਾਂਦੇ ਸਨ। ਅੱਜ ਅਸੀਂ ਜਿਸ ਵੈਲੇਨਟਾਈਨ ਡੇਅ ਨੂੰ ਜਾਣਦੇ ਹਾਂ ਉਹ ਪੱਛਮੀ ਸੱਭਿਅਤਾ ਦੀ ਦੇਣ ਹੈ। ਇਹ ਦਿਨ ਸੰਤ ਵੈਲੇਨਟਾਈਨ ਦੀ ਯਾਦ 'ਚ ਮਨਾਇਆ ਜਾਂਦਾ ਹੈ। ਵਿਕੋਟਰੀਆ ਯੁੱਗ 'ਚ ਪਿਆਰ ਦਾ ਪ੍ਰਗਟਾਵਾ ਕੀਤੇ ਜਾਣ ਨੂੰ ਫਲੋਰੀਗ੍ਰਾਫੀ ਕਿਹਾ ਜਾਂਦਾ ਸੀ। ਇਸ ਦਿਨ ਪ੍ਰੇਮੀ ਜੋੜੇ ਇਕ ਦੂਸਰੇ ਨੂੰ ਗੁਲਾਬ ਅਤੇ ਹੋਰ ਸੌਗਾਤਾਂ ਭੇਟ ਕਰ ਕੇ ਦੋਸਤੀ ਦਾ ਹੱਥ ਵਧਾਉਂਦੇ ਸਨ। ਵੈਲੇਨਟਾਈਨ ਡੇਅ ਨੂੰ ਲੈ ਕੇ ਮੁੱਖ ਰੂਪ ਵਿਚ ਨੌਜਵਾਨ ਵਰਗ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਗਿਫਟ ਗੈਲਰੀਆਂ 'ਚ ਰਹੀ ਤਾਮ-ਝਾਮ
ਵੈਲੇਨਟਾਈਨ ਡੇਅ ਨੂੰ ਲੈ ਕੇ ਗਿਫਟ ਗੈਲਰੀਆਂ 'ਚ ਕਾਫੀ ਤਾਮ-ਝਾਮ ਰਹੀ ਅਤੇ ਇਨ੍ਹਾਂ 'ਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆਈ। ਗਿਫਟ ਗੈਲਰੀ ਅਤੇ ਬੇਕਰੀ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਇਸ ਦਿਨ ਨੌਜਵਾਨ ਵਰਗ ਦੀ ਵਿਸ਼ੇਸ਼ ਪਸੰਦ ਦਿਲ ਦੀ ਸ਼ੇਪ ਵਾਲੇ ਗਿਫਟ ਅਤੇ ਕੇਕ ਹੁੰਦੇ ਹਨ। ਇਸ ਕਾਰਣ ਅਸੀਂ ਦਿਲ ਦੀ ਸ਼ੇਪ ਵਾਲੇ ਕੇਕ, ਪੇਸਟਰੀ ਆਦਿ ਬਣਾਉਂਦੇ ਹਾਂ। ਬਜ਼ੁਰਗ ਲੋਕਾਂ ਦਾ ਕਹਿਣਾ ਹੈ ਕਿ ਪ੍ਰੇਮ ਦਿਵਸ ਮਨਾਉਣਾ ਕੋਈ ਬੁਰੀ ਗੱਲ ਨਹੀਂ ਹੈ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਇਸ ਦਿਨ ਆਪਣੇ ਮਾਤਾ-ਪਿਤਾ, ਭਾਈ-ਭੈਣਾਂ ਅਤੇ ਹੋਰ ਸਕੇ ਸਬੰਧੀਆਂ ਆਦਿ ਨਾਲ ਪਿਆਰ ਦਾ ਇਜ਼ਹਾਰ ਕਰਨ।

ਕੀ ਕਹਿੰਦੇ ਹਨ ਸ਼ਹਿਰ ਵਾਸੀ
ਨੌਜਵਾਨ ਡਿੰਪਲ ਉਪਲੀ
ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਪੱਛਮੀ ਸੱਭਿਅਤਾ ਦੀ ਦੇਣ ਹੈ। ਸਾਨੂੰ ਭਾਰਤੀਆਂ ਨੂੰ ਤਾਂ ਆਪਣੀ ਸੱਭਿਅਤਾ ਹੋਰ ਦੇਸ਼ਾਂ 'ਚ ਫੈਲਾਉਣੀ ਚਾਹੀਦੀ ਹੈ। ਪਿਆਰ ਦਾ ਇਜ਼ਹਾਰ ਕਰਨਾ ਜਾਂ ਦੱਸਣਾ ਕਿ ਤੁਸੀਂ ਸਾਨੂੰ ਬਹੁਤ ਪਿਆਰੇ ਹੋ, ਚੰਗਾ ਲਗਦਾ ਹੈ ਪਰ ਇਹ ਕਦੇ ਵੀ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਇਸ ਦਿਨ ਫਜ਼ੂਲ ਖਰਚਾ ਚਾਕਲੇਟ, ਗਿਫਟ, ਫੁੱਲ ਆਦਿ 'ਤੇ ਨਹੀਂ ਕਰਨਾ ਚਾਹੀਦਾ।

ਗੁਰਦਰਸ਼ਨ ਬਰਾੜ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਮਨਾਉਣਾ ਬੁਰੀ ਗੱਲ ਨਹੀਂ ਹੈ ਪਰ ਬਹੁਤ ਵਾਰ ਲੋਕ ਇਸ ਦਿਨ ਦਾ ਗਲਤ ਅਰਥ ਵੀ ਸਮਝ ਲੈਂਦੇ ਹਨ। ਪਿਆਰ ਤਾਂ ਕਿਸੇ ਨਾਲ ਵੀ ਕੀਤਾ ਜਾ ਸਕਦਾ ਹੈ। ਹੁਣ ਚਾਹੇ ਉਹ ਮਾਂ-ਬਾਪ ਜਾਂ ਦੋਸਤ ਕੋਈ ਵੀ ਹੋਵੇ। ਇਹ ਦਿਨ ਉਨ੍ਹਾਂ ਨੂੰ ਦੱਸਣ ਲਈ ਹੀ ਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਾਂ। ਵੈਲੇਨਟਾਈਨ ਡੇਅ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਸਾਡੀ ਸੱਭਿਅਤਾ ਨੂੰ ਨੁਕਸਾਨ ਨਾ ਹੋਵੇ।

ਗੁਰਕੀਮਤ ਸਿੱਧੂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਨੂੰ ਅਸੀਂ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਕੁਝ ਅਸਮਾਜਕ ਤੱਤਾਂ ਕਾਰਣ ਇਹ ਬਦਨਾਮ ਹੈ। ਪੁਲਸ ਨੂੰ ਕਾਲਜ ਅਤੇ ਪਾਰਕ ਆਦਿ ਸਥਾਨਾਂ 'ਤੇ ਤਾਇਨਾਤ ਰਹਿਣਾ ਚਾਹੀਦਾ ਹੈ। ਕੁਝ ਲੋਕ ਲੜਕੀਆਂ ਦਾ ਰਸਤਾ ਰੋਕਦੇ ਹਨ ਅਤੇ ਛੇੜ-ਛਾੜ ਕਰਦੇ ਹਨ, ਜੋ ਗਲਤ ਹੈ।

ਗੁਰਪਾਲ ਸੰਮਾ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਹੋਰ ਤਿਉਹਾਰਾਂ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ। ਇਹ ਦਿਨ ਪਿਆਰ ਦੇ ਇਜ਼ਹਾਰ ਦਾ ਦਿਨ ਹੈ। ਇਹ ਪਿਆਰ ਮਾਤਾ-ਪਿਤਾ ਨਾਲ, ਭੈਣ ਨਾਲ, ਭਾਈ ਨਾਲ, ਗੁਰੂ ਨਾਲ ਵੀ ਹੋ ਸਕਦਾ ਹੈ ਪਰ ਕੁਝ ਲੋਕ ਇਸ ਦਾ ਗਲਤ ਮਤਲਬ ਲੈ ਲੈਂਦੇ ਹਨ ਅਤੇ ਲੜਕੀਆਂ ਨਾਲ ਛੇੜ-ਛਾੜ ਕਰਦੇ ਹਨ।

ਦੀਪਕ ਸੋਨੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਵੈਲੇਨਟਾਈਨ ਡੇਅ ਦਾ ਦਿਨ ਸਿਰਫ ਗਰਲਫ੍ਰੈਂਡ ਨੂੰ ਫੁੱਲ ਦੇ ਕੇ ਪਿਆਰ ਦਾ ਪ੍ਰਗਟਾਵਾ ਕਰਨ ਦਾ ਦਿਨ ਹੁੰਦਾ ਹੈ ਪਰ ਸੱਚਾਈ ਇਸ ਤੋਂ ਦੂਰ ਹੈ। ਇਸ ਦਿਨ ਆਪਣੇ ਮਾਤਾ-ਪਿਤਾ, ਭਾਈ ਅਤੇ ਹੋਰ ਸਕੇ ਸਬੰਧੀਆਂ ਨਾਲ ਵੀ ਘੁੰਮ-ਫਿਰ ਕੇ ਇਹ ਦਿਨ ਮਨਾਇਆ ਜਾ ਸਕਦਾ ਹੈ।

ਕਪਿਲ ਮਿੱਤਲ ਦਾ ਕਹਿਣਾ ਹੈ ਕਿ ਪਿਆਰ ਕਿਸੇ ਇਕ ਦਿਨ ਦਾ ਮੁਥਾਜ ਨਹੀਂ ਹੁੰਦਾ। ਪਿਆਰ ਕਰਨ ਵਾਲਿਆਂ ਦੇ ਲਈ ਹਰ ਦਿਨ ਵੈਲੇਨਟਾਈਨ ਡੇਅ ਹੁੰਦਾ ਹੈ।

ਗੌਰਵ ਗੋਇਲ ਦਾ ਮੰਨਣਾ ਹੈ ਕਿ ਵੈਲੇਨਟਾਈਨ ਡੇਅ ਪੱਛਮੀ ਸੱਭਿਅਤਾ ਦੀ ਦੇਣ ਹੈ ਅਤੇ ਸਾਨੂੰ ਇਹ ਦਿਨ ਨਹੀਂ ਮਨਾਉਣਾ ਚਾਹੀਦਾ। ਬਲਕਿ ਸਾਨੂੰ ਆਪਣੀ ਭਾਰਤੀ ਸੱਭਿਅਤਾ ਅਨੁਸਾਰ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ।

ਮਨੂ ਜਿੰਦਲ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਨੂੰ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਪਰ ਕੁਝ ਸ਼ਰਾਰਤੀ ਤੱਤਾਂ ਕਾਰਣ ਇਹ ਦਿਨ ਬਦਨਾਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਕੁਝ ਸ਼ਰਾਰਤੀ ਤੱਤ ਲੜਕੀਆਂ ਦਾ ਰਸਤਾ ਰੋਕਦੇ ਹਨ ਜੋ ਕਿ ਗਲਤ ਹੈ, ਪੁਲਸ ਨੂੰ ਅਜਿਹੇ ਤੱਤਾਂ 'ਤੇ ਸਖਤ ਨਜ਼ਰ ਰੱਖਣੀ ਚਾਹੀਦੀ ਹੈ।

ਹਰਜਿੰਦਰ ਸਿੰਘ, ਜ਼ਿਲਾ ਪੁਲਸ ਮੁਖੀ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਜਨਤਕ ਸਥਾਨਾਂ 'ਤੇ ਅਸ਼ਲੀਲਤਾ ਫੈਲਾਉਣ ਦਿੱਤੀ ਜਾਵੇਗੀ। ਜੇਕਰ ਕੋਈ ਛੇੜਖਾਨੀ ਕਰਦਾ ਹੈ ਤਾਂ ਤੁਰੰਤ 112 ਨੰਬਰ 'ਤੇ ਫੋਨ ਕਰੋ, ਤੁਰੰਤ ਸਖਤ ਕਾਰਵਾਈ ਹੋਵੇਗੀ।

ਸੁਖਵਿੰਦਰ ਭੰਡਾਰੀ, ਵਿਹਿਪ ਦੇ ਆਗੂ ਦਾ ਕਹਿਣਾ ਹੈ ਕਿ ਪੱਛਮੀ ਸੱਭਿਅਤਾ ਕਿਸੇ ਵੀ ਤਰ੍ਹਾਂ ਨਾਲ ਸਾਡੀ ਸੰਸਕ੍ਰਿਤੀ ਦੇ ਅਨੁਕੂਲ ਨਹੀਂ ਹੈ ਅਤੇ ਵੈਲੇਨਟਾਈਨ ਡੇਅ ਦੀ ਆੜ 'ਚ ਕਿਸੇ ਨੂੰ ਅਸ਼ਲੀਲਤਾ ਫੈਲਾਉਣ ਨਹੀਂ ਦਿੱਤੀ ਜਾਵੇਗੀ।

cherry

This news is Content Editor cherry