ਪਸ਼ੂਆਂ ਨੂੰ ਲੰਪੀ ਸਕਿਨ ਤੋਂ ਬਚਾਉਣ ਲਈ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, ਜਾਰੀ ਕੀਤੇ ਗਏ ਨਿਰਦੇਸ਼

02/07/2024 3:45:19 PM

ਚੰਡੀਗੜ੍ਹ : ਪੰਜਾਬ ਦੇ ਪਸ਼ੂ-ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਸ਼ੂਆਂ ਦੇ ਲੰਪੀ ਸਕਿੱਨ ਤੋਂ ਅਗਾਊਂ ਬਚਾਅ ਲਈ 25 ਲੱਖ ਤੋਂ ਵੱਧ ਗਊ ਵੰਸ਼ ਨੂੰ ਟੀਕਾ ਲਗਾਉਣ ਲਈ ਵਿਆਪਕ ਮੁਹਿੰਮ 25 ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਇੱਥੇ ਪੰਜਾਬ ਭਵਨ ਵਿਖੇ ਵਧੀਕ ਮੁੱਖ ਸਕੱਤਰ ਪਸ਼ੂ-ਪਾਲਣ, ਵਿਕਾਸ ਪ੍ਰਤਾਪ ਨਾਲ ਵੱਖ-ਵੱਖ ਵਿਭਾਗੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਬੀਮਾਰੀ ਦੇ ਕਿਸੇ ਵੀ ਸੰਭਾਵਿਤ ਫੈਲਾਅ ਦੀ ਰੋਕਥਾਮ ਲਈ ਹੁਣ ਤੀਜੀ ਵਾਰ ਗੋਟ ਪੌਕਸ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : PRTC, ਪੰਜਾਬ ਰੋਡਵੇਜ਼ 'ਚ ਸਫ਼ਰ ਕਰਨ ਵਾਲਿਆਂ ਲਈ ਪਿਆ ਪੰਗਾ, ਆ ਗਈ ਨਵੀਂ Update (ਵੀਡੀਓ)

ਦੱਸ ਦੇਈਏ ਕਿ ਪਿਛਲੇ ਸਾਲ ਦੇਸ਼ ਭਰ 'ਚ ਬੀਮਾਰੀ ਦੇ ਫੈਲਾਅ ਤੋਂ ਬਾਅਦ ਸੂਬੇ 'ਚ ਇਸ ਬੀਮਾਰੀ ਦੀ ਰੋਕਥਾਮ ਲਈ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਅਧਿਕਾਰੀਆਂ ਨੂੰ ਟੀਕਾਕਰਨ ਲਈ ਦਵਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਕੋਲਡ ਚੇਨ ਕਾਇਮ ਰੱਖਣ ਲਈ ਵੀ ਕਿਹਾ। ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਇੱਕ ਫੁੱਲਪਰੂਫ ਵਿਧੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਅੰਦਰ ਅੰਦਰ ਵਿਆਪਕ ਟੀਕਾਕਰਨ ਕਾਰਜ ਯੋਜਨਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਭਾਗ ਦੇ ਫੀਲਡ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਉਹ ਪਸ਼ੂ ਪਾਲਕਾਂ ਨੂੰ ਵੱਖ-ਵੱਖ ਟੀਕਾਕਰਨ ਮੁਹਿੰਮਾਂ ਦੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਇਸ ਕਾਰਜ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਪਸ਼ੂਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਨੂੰ ਲੈ ਕੇ ਫਿਰ Yellow ਅਲਰਟ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਏ. ਸੀ. ਐਸ. ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ 'ਚ ਕਰੀਬ 6.37 ਕਰੋੜ ਰੁਪਏ ਦੀ ਲਾਗਤ ਨਾਲ ਡੀਵਾਰਮਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ 10 ਫ਼ਰਵਰੀ ਨੂੰ ਖ਼ਤਮ ਹੋਵੇਗੀ। ਇਸ ਤੋਂ ਇਲਾਵਾ ਸੂਬੇ ਦੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ 1.56 ਕਰੋੜ ਰੁਪਏ ਦੀਆਂ ਦਵਾਈਆਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਨੇ ਹਾਲ ਹੀ 'ਚ ਮੂੰਹਖੁਰ ਦੀ ਬੀਮਾਰੀ ਦੀ ਰੋਕਥਾਮ ਲਈ ਵਿਆਪਕ ਟੀਕਾਕਰਨ ਮੁਹਿੰਮ ਮੁਕੰਮਲ ਕੀਤੀ ਹੈ। ਇਸ ਮੀਟਿੰਗ 'ਚ ਪਸ਼ੂ-ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਕਲੀਨਿਕਸ ਡਾ. ਐੱਸ. ਐੱਸ. ਰੰਧਾਵਾ, ਐੱਚ. ਓ. ਡੀ. ਵੈਟਰਨਰੀ ਮੈਡੀਸਨ ਡਾ. ਅਸ਼ਵਨੀ ਕੁਮਾਰ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਅਤੇ ਇੰਚਾਰਜ ਡਾ. ਐੱਮ. ਐੱਸ. ਬਾਲ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਡਾ. ਵਿਸ਼ਾਲ ਮਹਾਜਨ, ਡਾਇਰੈਕਟਰ ਸੈਂਟਰ ਫ਼ਾਰ ਵਨ ਹੈਲਥ ਡਾ. ਜੇ. ਐੱਸ. ਬੇਦੀ ਅਤੇ ਪਸ਼ੂ-ਪਾਲਣ ਵਿਭਾਗ ਦੇ ਜ਼ਿਲ੍ਹਿਆਂ 'ਚ ਤਾਇਨਾਤ ਅਧਿਕਾਰੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Babita

This news is Content Editor Babita