ਅਹਿਮਦਾਬਾਦ-ਲੁਧਿਆਣਾ ਦੀ ''ਵੈਕਸੀਨੇਸ਼ਨ ਐਟ ਡੋਰਸਟੈੱਪਸ'' ਪਹਿਲ ਕਦਮੀ ਬਾਰੇ ਵਿਸ਼ੇਸ਼ ਅਧਿਐਨ ਕਰੇਗੀ ''IIM''

04/08/2021 3:18:48 PM

ਲੁਧਿਆਣਾ (ਵਿੱਕੀ) : ਬੜੇ ਮਾਣ ਵਾਲੀ ਗੱਲ ਹੈ ਕਿ ਪ੍ਰਸਿੱਧ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐਮ) ਅਹਿਮਦਾਬਾਦ-ਲੁਧਿਆਣਾ ਦੀ ਵੈਕਸੀਨੇਸ਼ਨ ਐਟ ਡੋਰਸਟੈੱਪਸ' ਪਹਿਲ ਕਦਮੀ ਬਾਰੇ ਵਿਸ਼ੇਸ਼ ਅਧਿਐਨ ਕਰੇਗਾ। ਆਈ. ਆਈ. ਐਮ-ਏ ਦੇ ਮਾਹਰਾਂ ਦੀ ਟੀਮ ਵੱਲੋਂ ਅੱਜ ਇਸ ਵਿਸ਼ੇਸ਼ ਪਹਿਲ ਕਦਮੀ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਨਗਰ ਨਿਗਮ ਕੌਂਸਲਰ ਮਮਤਾ ਆਸ਼ੂ ਨਾਲ ਗੱਲਬਾਤ ਕੀਤੀ ਗਈ। ਇਸ ਤਹਿਤ ਜ਼ਿਲ੍ਹੇ ਵਿੱਚ 3-4 ਅਪ੍ਰੈਲ, 2021 ਨੂੰ ਮੈਗਾ ਕੈਂਪ ਲਗਾਏ ਗਏ ਸਨ। 

ਮਮਤਾ ਆਸ਼ੂ ਦੀ ਦਿਮਾਗ਼ੀ ਕਾਢ ਸਦਕਾ ਵੈਕਸੀਨੇਸ਼ਨ ਐਟ ਡੋਰਸਟੈੱਪਸ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ 26 ਮਾਰਚ, 2021 ਨੂੰ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਦੇ ਪਾਰਕ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾ ਕੇ ਕੀਤੀ ਗਈ ਸੀ। ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਵੱਲੋਂ ਟੀਕਾਕਰਨ ਕਰਵਾਇਆ ਗਿਆ ਸੀ। ਮਮਤਾ ਆਸ਼ੂ ਨੇ ਦੱਸਿਆ ਕਿ ਵੈਕਸੀਨੇਸ਼ਨ ਐਟ ਡੋਰਸਟੈਪਸ' ਪਹਿਲ ਕਦਮੀ ਦੀ ਸਫਲਤਾ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਹਿੱਸਿਆਂ ਵਿਚ 3-4 ਅਪ੍ਰੈਲ, 2021 ਨੂੰ ਮੈਗਾ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸੈਂਕੜੇ ਕੈਂਪ ਲਗਾਏ ਗਏ ਅਤੇ ਪਹਿਲੇ ਦਿਨ (3 ਅਪ੍ਰੈਲ, 2021) ਨੂੰ 26483 ਲੋਕਾਂ ਨੂੰ ਟੀਕਾ ਲਗਾਇਆ ਗਿਆ, ਉਸ ਤੋਂ ਬਾਅਦ 4 ਅਪ੍ਰੈਲ, 2021 ਨੂੰ ਵੀ 22812 ਲੋਕਾਂ ਵੱਲੋਂ ਵੈਕਸੀਨੇਸ਼ਨ ਕਰਵਾਈ ਗਈ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਟੀਕਾਕਰਨ ਦੀ ਲੈਅ ਬਣ ਗਈ ਹੈ ਤਾਂ ਰੋਜ਼ਾਨਾ 11 ਹਜ਼ਾਰ ਤੋਂ ਵੱਧ ਲੋਕ ਟੀਕਾ ਲਗਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਗਾ ਕੈਂਪਾਂ ਦੀ ਸਫਲਤਾ ਸਦਕਾ ਹੁਣ ਜ਼ਿਲ੍ਹੇ ਵਿੱਚ ਹਰ ਹਫ਼ਤੇ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਮੈਗਾ ਕੈਂਪ ਲਗਾਏ ਜਾਣਗੇ। ਮਮਤਾ ਆਸ਼ੂ ਨੇ ਮਾਹਰਾਂ ਨੂੰ ਦੱਸਿਆ ਕਿ ਇਹ ਮੁਹਿੰਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਡਿਪਟੀ ਕਮਿਸ਼ਨਰ ਲੁਧਿਆਣਾ ਰਿੰਦਰ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਭਰਪੂਰ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ।

ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਪਹਿਲ ਦੀ ਸ਼ੁਰੂਆਤ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਅਧਿਕਾਰੀਆਂ, ਗੈਰ ਸਰਕਾਰੀ ਸੰਗਠਨਾਂ, ਉਦਯੋਗਿਕ/ਸਮਾਜਿਕ/ਧਾਰਮਿਕ ਸੰਗਠਨਾਂ ਅਤੇ ਹੋਰ ਸਾਰੇ ਭਾਗੀਦਾਰਾਂ ਨਾਲ 'ਵੈਕਸੀਨੇਸ਼ਨ ਐਟ ਡੋਰਸਟੈੱਪਸ' ਦੀ ਸਫਲਤਾ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ। ਆਈ.ਆਈ.ਐਮ-ਅਹਿਮਦਾਬਾਦ ਤੋਂ ਸ਼ਰਧਾ ਉਪਾਧਿਆਏ ਨੇ ਵੀਡੀਓ ਕਾਨਫਰੰਸਿੰਗ ਵਿਚ ਦੱਸਿਆ ਕਿ ਇਹ ਵਿਸ਼ੇਸ਼ ਕੇਸ ਅਧਿਐਨ ਕੇ. ਐਮ. ਆਈ. ਸੀ. (ਨਾਲਜ ਮੈਨੇਜਮੈਂਟ ਐਂਡ ਇਨੋਵੇਸ਼ਨ ਫਰ ਚੇਂਜ) ਦੇ ਹਰ ਬੱਚੇ ਲਈ ਸਹੀ ਸ਼ੁਰੂਆਤ ਕਰਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ, ਜਿਸ ਦੀ ਕਲਪਨਾ ਯੂਨੀਸੈਫ (ਯੂ.ਐਨ.ਆਈ.ਸੀ.ਈ.ਐਫ) ਅਤੇ ਆਈ.ਆਈ.ਐਮ. ਦੇ ਸਾਂਝੇ ਯਤਨਾਂ ਵਜੋਂ ਕੀਤੀ ਗਈ ਹੈ, ਜਿਸਦਾ ਮਕਸਦ ਬੱਚਿਆਂ ਅਤੇ ਕਿਸ਼ੋਰਾਂ ਲਈ ਇਕ ਗਿਆਨ ਖੇਤਰ ਬਣਾਉਣਾ ਹੈ, ਖ਼ਾਸਕਰ ਹਾਸ਼ੀਏ ਦੇ ਹਿੱਸੇ ਨਾਲ ਸਬੰਧਿਤ ਆਈ.ਆਈ.ਐਮ-ਏ ਦੀ ਰਿਸਰਚ ਅਸਿਸਟੈਂਟ ਮਿਤੀ ਸ਼ਾਹ ਨੇ ਵੀ ਵੀਡੀਓ ਕਾਨਫਰੰਸਿੰਗ ਵਿਚ ਹਿੱਸਾ ਲਿਆ ਅਤੇ ਕਿਹਾ ਕਿ ਕੇਸ ਸਟੱਡੀ ਆਈ.ਆਈ.ਐਮ-ਅਹਿਮਦਾਬਾਦ ਅਤੇ ਯੂਨੀਸੈਫ ਦੀ ਸਾਂਝੀ ਪਹਿਲ ਕਦਮੀ ਅਧੀਨ ਕੀਤੀ ਜਾ ਰਹੀ ਹੈ, ਕਿਉਂਕਿ ਉਹ 2017 ਤੋਂ ਸ਼ਹਿਰਾਂ ਵਿਚ ਸਥਾਨਕ ਚੁਣੇ ਗਏ ਨੁਮਾਇੰਦਿਆਂ ਦੇ ਮੁੱਦਿਆਂ 'ਤੇ ਕੰਮ ਕਰ ਰਹੇ ਹਨ। ਇਸ ਸਮੇਂ, ਕੌਂਸਲਰਾਂ ਵੱਲੋਂ ਆਰੰਭੇ ਗਏ ਚੰਗੇ ਕਾਰਜਾਂ ਦਾ ਵੇਰਵਾ ਦੇ ਕੇ ਅਸੀਂ ਕੋਵਿਡ-19 ਟੀਕਾਕਰਣ ਮੁਹਿੰਮ ਵਿੱਚ ਕੌਂਸਲਰਾਂ ਦੇ ਯੋਗਦਾਨ ਨੂੰ ਦਸਤਾਵੇਜ਼ ਬਣਾਉਣ ਲਈ ਕੇਸ ਸਟੱਡੀ ਕਰਵਾ ਰਹੇ ਹਾਂ। 
 

Babita

This news is Content Editor Babita