ਉੱਤਰ ਪ੍ਰਦੇਸ਼ ਤੇ ਬਿਹਾਰ ਬਣ ਚੁੱਕੇ ਨੇ ਨਾਜਾਇਜ਼ ਹਥਿਆਰ ਖਰੀਦਣ ਦਾ ਵੱਡਾ ਗੜ੍ਹ

10/31/2017 5:38:06 AM

ਕਪੂਰਥਲਾ, (ਭੂਸ਼ਣ)- ਉੱਤਰ ਪ੍ਰਦੇਸ਼ ਤੇ ਬਿਹਾਰ ਪੰਜਾਬ ਨਾਲ ਸੰਬੰਧਤ ਅਪਰਾਧੀਆਂ ਖਿਲਾਫ ਨਾਜਾਇਜ਼ ਹਥਿਆਰ ਖਰੀਦਣ ਦਾ ਵੱਡਾ ਗੜ੍ਹ ਬਣ ਚੁੱਕਿਆ ਹੈ। ਕਪੂਰਥਲਾ ਜ਼ਿਲਾ ਸਮੇਤ ਸੂਬੇ  ਦੇ ਵੱਖ-ਵੱਖ ਜ਼ਿਲਿਆਂ ਦੀ ਪੁਲਸ ਵੱਲੋਂ ਪਿਛਲੇ ਇਕ ਸਾਲ ਦੌਰਾਨ ਹੀ ਸੈਂਕੜੇ ਦੀ ਗਿਣਤੀ 'ਚ ਅਪਰਾਧੀਆਂ ਤੋਂ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਕਰਨਾ ਕਿਤੇ ਨਾ ਕਿਤੇ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਪ੍ਰਦੇਸ਼ ਦੇ ਗੈਂਗਸਟਰਾਂ ਤੇ ਲੁਟੇਰਾ ਗੈਂਗ ਲਈ ਨਾਜਾਇਜ਼ ਹਥਿਆਰ ਹਾਸਲ ਕਰਨਾ ਕੋਈ ਵੱਡਾ ਕੰਮ ਨਹੀਂ ਹੈ। 
ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਮਿਲ ਜਾਂਦੇ ਹਨ ਕੁਝ ਹਜ਼ਾਰ ਰੁਪਏ 'ਚ ਨਾਜਾਇਜ਼ ਪਿਸਤੌਲ
ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਈ ਅਪਰਾਧ ਪ੍ਰਭਾਵਿਤ ਸ਼ਹਿਰਾਂ ਜਿਵੇ ਮੇਰਠ, ਬਰੇਲੀ, ਸਹਾਰਨਪੁਰ, ਮੁਜ਼ੱਫਰਪੁਰ ਤੇ ਪੂਰਨੀਆਂ 'ਚ ਚਲ ਰਹੀਆਂ ਨਾਜਾਇਜ਼ ਹਥਿਆਰਾਂ ਦੀਆਂ ਫੈਕਟਰੀਆਂ 'ਚ ਸਰਗਰਮ ਪੰਜਾਬ ਨਾਲ ਸੰਬੰਧਤ ਗੈਂਗਸਟਰਾਂ ਤੇ ਲੁਟੇਰਿਆਂ ਨੂੰ 2 ਹਜ਼ਾਰ ਰੁਪਏ ਤੋਂ ਲੈ ਕੇ 10 ਹਜ਼ਾਰ ਰੁਪਏ 'ਚ ਨਾਜਾਇਜ਼ ਪਿਸਤੌਲ ਮੁਹੱਈਆ ਕਰ ਦਿੰਦੇ ਹਨ, ਜਿਨ੍ਹਾਂ 'ਚ ਕਈ ਪਿਸਤੌਲਾਂ ਨੂੰ ਵੇਖਣ 'ਚ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਕਿ ਕਈ ਵਾਰ ਉਸ ਨੂੰ ਬਰਾਮਦ ਕਰਨ ਵਾਲੀਆਂ ਪੁਲਸ ਟੀਮਾਂ ਵੀ ਇਸ ਦੀ ਕਵਾਲਿਟੀ ਨੂੰ ਵੇਖ ਕੇ ਚਕਮਾ ਖਾ ਜਾਂਦੀਆਂ ਹਨ। ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਇਨ੍ਹਾਂ ਨਾਜਾਇਜ਼ ਹਥਿਆਰ ਡੀਲਰਾਂ ਦੇ ਪੰਜਾਬ ਨਾਲ ਸੰਬੰਧਤ ਅਪਰਾਧੀ ਲੰਬੇ ਸਮੇਂ ਤੋਂ ਗਾਹਕ ਬਣੇ ਹੋਏ ਹਨ। 
ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ ਕਈ ਸ਼ੱਕੀ ਵਿਅਕਤੀ ਕਰਦੇ ਹਨ ਹਥਿਆਰਾਂ ਦੀ ਸਪਲਾਈ
ਸੂਬੇ 'ਚ ਬੀਤੇ ਕੁਝ ਸਾਲਾਂ ਦੌਰਾਨ ਲੱਗਭਗ ਹਰ ਸ਼ਹਿਰ 'ਚ ਵੱਡੀ ਗਿਣਤੀ 'ਚ ਝੁੱਗੀ-ਝੌਂਪੜੀਆਂ ਦੇ ਬਣ ਜਾਣ ਨਾਲ ਜਿਥੇ ਇਨ੍ਹਾਂ ਬਸਤੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਦੂਜੇ ਸੂਬਿਆਂ ਤੋਂ ਆਏ ਲੋਕ ਵਸ ਚੁੱਕੇ ਹਨ, ਉਥੇ ਹੀ ਇਨ੍ਹਾਂ ਝੁੱਗੀ-ਝੌਂਪੜੀ ਬਸਤੀਆਂ ਦੀ ਆੜ 'ਚ ਕਈ ਅਜਿਹੇ ਸਮਾਜ ਵਿਰੋਧੀ ਅਨਸਰ ਸੂਬੇ 'ਚ ਦਾਖਲ ਹੋ ਚੁੱਕੇ ਹਨ, ਜਿਨ੍ਹਾਂ ਦੇ ਤਾਰ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਖਤਰਨਾਕ ਅਪਰਾਧੀਆਂ ਨਾਲ ਜੁੜੇ ਹੋਏ ਹਨ । ਗੌਰ ਹੋਵੇ ਕਿ ਪੰਜਾਬ ਪੁਲਸ ਝੁੱਗੀ-ਝੌਂਪੜੀਆਂ ਦੀ ਸਰਚ ਦੌਰਾਨ ਅਜਿਹੇ ਕਈ ਪਰਵਾਸੀ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜੋ ਪੰਜਾਬ 'ਚ ਸਰਗਰਮ ਅਪਰਾਧੀਆਂ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆ ਕੇ ਹਥਿਆਰ ਸਪਲਾਈ ਕਰਦੇ ਸਨ ਪਰ ਕਈ ਜ਼ਿਲਿਆਂ 'ਚ ਸਥਾਪਤ ਹੋ ਚੁੱਕੀਆਂ ਝੁੱਗੀ-ਝੌਂਪੜੀ ਬਸਤੀਆਂ 'ਚ ਪੁਲਸ ਸਰਚ ਦੀ ਕਮੀ ਕਾਰਨ ਇਸ 'ਚ ਵੱਡੀ ਗਿਣਤੀ 'ਚ ਦੂਜੇ ਸੂਬਿਆਂ ਨਾਲ ਸਬੰਧਤ ਰਹਿਣ ਵਾਲੇ ਅਪਰਾਧੀ ਵਸ ਚੁੱਕੇ ਹਨ। ਜਿਸ ਕਾਰਨ ਹੀ ਸੂਬੇ 'ਚ ਲਗਾਤਾਰ ਨਾਜਾਇਜ਼ ਹਥਿਆਰ ਬਰਾਮਦ ਹੋ ਰਹੇ ਹਨ । 
ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਸ ਪਾਰਟੀ ਹੋਵੇਗੀ ਸਨਮਾਨਿਤ
ਕਪੂਰਥਲਾ ਜ਼ਿਲਾ ਸਮੇਤ ਸੂਬੇ ਦੇ ਥਾਣਾ ਇਲਾਕਿਆਂ 'ਚ ਟਰੱਕ ਚੋਰੀ ਕਰਕੇ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਾ ਗੈਂਗ ਦੇ ਮੈਂਬਰਾਂ ਵੱਲੋਂ ਫਾਇਰਿੰਗ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਹਾਦਰੀ ਦਿਖਾਉਂਦੇ ਹੋਏ ਫੜਨ ਵਾਲੀ ਥਾਣਾ ਫੱਤੂਢੀਂਗਾ ਦੀ ਪੁਲਸ ਟੀਮ ਨੂੰ ਪੰਜਾਬ ਪੁਲਸ ਵੱਲੋਂ ਸਨਮਾਨਿਤ ਕੀਤਾ ਜਾਵੇਗਾ । ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਫੱਤੂਢੀਂਗਾ ਪੁਲਸ ਦੀ ਟੀਮ ਨੂੰ ਸਨਮਾਨਿਤ ਕਰਨ ਲਈ ਡੀ. ਜੀ. ਪੀ. ਪੰਜਾਬ ਨੂੰ ਲਿਖਿਆ ਜਾਵੇਗਾ ।