ਯੂ. ਐੱਸ. 'ਚ ਕਪੂਰਥਲਾ ਦੇ ਸਿੱਖ ਅਫਸਰ ਦਾ ਕਤਲ, ਬੁੱਧਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

09/29/2019 10:03:42 AM

ਵਾਸ਼ਿੰਗਟਨ, ਡੀ.ਸੀ. (ਰਾਜ ਗੋਗਨਾ)— ਅਮਰੀਕਾ 'ਚ ਹੈਰਿਸ ਕਾਉਂਟੀ ਸ਼ੈਰਿਫਜ਼ ਦੇ ਡਿਪਟੀ 41 ਸਾਲਾ ਸੰਦੀਪ ਸਿੰਘ ਧਾਲੀਵਾਲ ਨੂੰ ਸ਼ੁੱਕਰਵਾਰ ਦੁਪਹਿਰ ਸਮੇਂ ਡਿਊਟੀ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੰਦੀਪ ਦਾ ਅੰਤਿਮ ਸੰਸਕਾਰ 2 ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਯਾਦ 'ਚ ਬੁੱਧਵਾਰ ਨੂੰ ਉਨ੍ਹਾਂ ਦੇ ਵਿਭਾਗ ਵਲੋਂ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਅਤੇ ਇਕ ਧਾਰਮਿਕ ਸਮਾਗਮ ਵੀ ਕਰਵਾਇਆ ਜਾਵੇਗਾ। ਸਵੈ-ਸੇਵਕਾਂ ਵਲੋਂ ਲੋਕਾਂ ਨੂੰ ਕਾਲੇ ਤੇ ਨੀਲੇ ਰੰਗ ਦੇ ਰਿਬਨ ਦਿੱਤੇ ਜਾ ਰਹੇ ਹਨ, ਜੋ ਕਾਨੂੰਨ ਏਜੰਸੀਆਂ ਜਾਂ ਧਾਲੀਵਾਲ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨਾ ਚਾਹੁੰਦੇ ਹਨ। ਸੰਦੀਪ 'ਤੇ ਇਕ ਸ਼ੱਕੀ ਵਿਅਕਤੀ ਨੇ ਵਿਲੈਂਸੀ ਕੋਰਟ ਦੇ 14000 ਬਲਾਕ 'ਤੇ ਲਗਭਗ 1 ਵਜੇ ਗੋਲੀਆਂ ਮਾਰੀਆਂ ਸਨ। ਉਸ ਨੂੰ ਮੈਮੋਰੀਅਲ ਹਰਮਨ ਹਸਪਤਾਲ ਲਿਆਂਦਾ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਸੰਦੀਪ ਕਪੂਰਥਲਾ ਦੇ ਪਿੰਡ ਧਾਲੀਵਾਲ ਦਾ ਜੰਮ-ਪਲ ਸੀ। 10 ਸਾਲ ਪਹਿਲਾਂ ਸੰਦੀਪ 2008 ਵਿੱਚ ਹੈਰਿਸ ਕਾਉਂਟੀ ਸ਼ੈਰਿਫਜ਼ ਦਫਤਰ ਵਿੱਚ ਨਜ਼ਰਬੰਦੀ ਅਧਿਕਾਰੀ ਵਜੋਂ ਸ਼ਾਮਲ ਹੋਇਆ ਸੀ ਅਤੇ ਚਾਰ ਸਾਲਾਂ ਬਾਅਦ ਡਿਪਟੀ ਬਣ ਗਿਆ ਸੀ।

2015 ਵਿੱਚ ਉਸ ਨੇ ਇਤਿਹਾਸ ਰਚਿਆ ਜਦੋਂ ਐੱਚ. ਸੀ. ਐੱਸ. ਓ. ਨੇ ਉਸ ਨੂੰ ਦਾੜ੍ਹੀ ਰੱਖਣ ਅਤੇ ਦਸਤਾਰ ਬੰਨ੍ਹਣ ਦੀ ਇਜਾਜ਼ਤ ਦਿੱਤੀ ਸੀ। 'ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ' ਦੀ ਸਹਾਇਤਾ ਨਾਲ ਧਾਲੀਵਾਲ ਨੇ ਵਿਭਾਗ ਦੀ ਨੀਤੀ ਨੂੰ ਬਦਲਣ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਕੀਤੀ। ਸੰਦੀਪ ਤੋਂ ਬਾਅਦ ਉਸ ਦੀ ਪਤਨੀ ਅਤੇ ਤਿੰਨ ਬੱਚੇ ਹਨ।
ਗੋਂਜ਼ਾਲੇਜ਼ ਨੇ ਸੰਦੀਪ ਨੂੰ 'ਕਮਿਊਨਿਟੀ ਦੇ ਸਤਿਕਾਰਤ ਮੈਂਬਰ' ਅਤੇ 'ਟਰੈਬਲੇਜ਼ਰ' ਵਜੋਂ ਯਾਦ ਕੀਤਾ ਹੈ। ਗੋਂਜ਼ਾਲੇਜ਼ ਨੇ ਕਿਹਾ,“ਡਿਪਟੀ ਸੰਦੀਪ ਹਰ ਕਿਸੇ ਨੂੰ ਦਿਲ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ । ਪੋਸਟ ਹਾਰਵੇ ਵਿੱਚ ਜਦੋਂ ਸਾਨੂੰ ਸਭ ਤੋਂ ਵੱਧ ਮਦਦ ਦੀ ਲੋੜ ਪਈ ਤਾਂ ਉਸ ਨੇ ਬਹੁਤ ਮਦਦ ਕੀਤੀ।''

'ਸਿੱਖਸ ਆਫ ਅਮਰੀਕਾ' ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸੰਦੀਪ ਸਿੰਘ ਧਾਲੀਵਾਲ ਨੂੰ 2015 ਵਿੱਚ ਚਾਰ ਜੁਲਾਈ ਦੀ ਆਜ਼ਾਦੀ ਪਰੇਡ 'ਤੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਨਿਵਾਜਿਆ ਸੀ, ਜਿੱਥੇ ਸੰਦੀਪ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹ 'ਸਿੱਖ ਐਸੋਸੇਸ਼ਨ ਗੁਰਦੁਆਰੇ' ਦੀ ਫੇਰੀ ਸਮੇਂ ਕਈ ਸ਼ਖ਼ਸੀਅਤਾਂ ਨੂੰ ਮੋਹ ਗਿਆ ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ,ਡਾਕਟਰ ਸੁਰਿੰਦਰ ਸਿੰਘ ਗਿੱਲ , ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ ਪ੍ਰਧਾਨ ਅਤੇ ਸਾਜਿਦ ਤਰਾਰ ਚੇਅਰਮੈਨ 'ਮੁਸਲਿਮ ਫਾਰ ਟਰੰਪ' ਸੁਖਪਾਲ ਸਿੰਘ ਧਨੋਆ , ਗੁਰਪ੍ਰਤਾਪ ਸਿੰਘ ਵੱਲਾ ਤੇ ਹਰਜੀਤ ਸਿੰਘ ਹੁੰਦਲ ਵੱਲੋਂ ਡੂੰਘਾ ਅਫ਼ਸੋਸ ਪ੍ਰਗਟ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਹੀਰਾ ਅਸੀਂ ਗੁਆ ਚੁੱਕੇ ਹਾਂ, ਜਿਸ ਨੇ ਸਿੱਖ ਕਮਿਊਨਿਟੀ ਨੂੰ ਅਥਾਹ ਪਿਆਰ ਦਿੱਤਾ । ਹਰ ਮੁਸ਼ਕਲ ਦੀ ਘੜੀ ਵਿੱਚ ਇਸ ਦਾ ਯੋਗਦਾਨ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ।