ਅਨਆਰਗੇਨਾਈਜ਼ਡ ਸੈਕਟਰ ਦੇ ਮੁਲਾਜ਼ਮਾਂ ਨੂੰ ਵੀ ਮਿਲੇਗੀ 58 ਸਾਲ ਦੀ ਉਮਰ ਤੋਂ ਪੈਨਸ਼ਨ

02/11/2019 11:36:51 AM

ਚੰਡੀਗੜ੍ਹ (ਸਾਜਨ) : ਕੇਂਦਰ ਸਰਕਾਰ ਦੇ ਬਜਟ 'ਚ ਅਨਆਰਗੇਨਾਈਜ਼ਡ ਸੈਕਟਰ ਲਈ ਐਲਾਨੀ ਪੈਨਸ਼ਨ ਯੋਜਨਾ ਦੀ 15 ਫਰਵਰੀ ਤੋਂ ਚੰਡੀਗੜ੍ਹ 'ਚ ਸ਼ੁਰੂਆਤ ਹੋ ਸਕਦੀ ਹੈ। ਸੈਕਟਰ-17 'ਚ ਸਥਿਤ ਪ੍ਰੋਵੀਡੈਂਟ ਫੰਡ ਦਫਤਰ ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ ਯੋਜਨਾ ਤਹਿਤ ਗੈਰ-ਸੰਗਠਿਤ ਖੇਤਰਾਂ 'ਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਰਜਿਸਟ੍ਰੇਸ਼ਨ ਦਾ ਜ਼ਿੰਮਾ ਸੌਂਪਿਆ ਗਿਆ ਹੈ।  ਕੇਂਦਰ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਯੋਜਨਾ ਦਾ ਜਿੰਨੇ ਵੀ ਆਮ ਅਤੇ ਗਰੀਬ ਲੋਕਾਂ ਨੂੰ ਫਾਇਦਾ ਮਿਲ ਸਕੇ,  ਉਸਨੂੰ ਯਕੀਨੀ ਬਣਾਇਆ ਜਾਵੇ।  
ਪੰਜਾਬ-ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਐਡੀਸ਼ਨਲ ਕਮਿਸ਼ਨਰ ਵੀ. ਰੰਗਨਾਥ ਨੇ ਇਸ ਸੰਦਰਭ 'ਚ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਇਸ ਬਹੁਮੰਤਵੀ ਯੋਜਨਾ ਸਬੰਧੀ ਪੱਤਰ ਮਿਲ ਚੁੱਕਿਆ ਹੈ। 15 ਫਰਵਰੀ ਤੋਂ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ। ਯੋਜਨਾ ਤਹਿਤ 18 ਤੋਂ 40 ਸਾਲ ਦਾ ਹਰ ਵਿਅਕਤੀ ਲਾਭਪਾਤਰੀ ਹੋਵੇਗਾ। ਇਸ ਯੋਜਨਾ 'ਚ ਗੈਰ-ਸੰਗਠਿਤ ਖੇਤਰ 'ਚ ਕੰਮ ਕਰ ਰਹੇ ਲੋਕ, ਜਿਸ 'ਚ ਘਰਾਂ 'ਚ ਝਾੜੂ-ਪੋਚਾ ਲਾਉਣ ਦੇ ਨਾਲ ਖਾਣਾ ਆਦਿ ਬਣਾਉਣ ਵਾਲੀਆਂ ਔਰਤਾਂ, ਰੇਹੜੀ-ਫੜ੍ਹੀ ਤੇ ਸਬਜ਼ੀ ਵੇਚਣ ਵਾਲੇ ਵੈਂਡਰ, ਮੋਚੀ, ਠੇਲਾ ਚਲਾਉਣ ਵਾਲੇ, ਮਦਾਰੀ, ਰਿਕਸ਼ਾ ਚਾਲਕ,  ਮਜ਼ਦੂਰ, ਦੁਕਾਨਾਂ 'ਤੇ ਕੰਮ ਕਰਨ ਵਾਲੇ ਵਿਅਕਤੀਆਂ ਸਮੇਤ ਹੋਰ ਲੋਕ ਸ਼ਾਮਲ ਕੀਤੇ ਜਾਣਗੇ। ਵੀ. ਰੰਗਨਾਥ ਨੇ ਦੱਸਿਆ ਕਿ ਇਹ ਇਕ ਸੋਸ਼ਲ ਸਕਿਓਰਿਟੀ ਸਕੀਮ ਹੈ। ਇਸ ਤਹਿਤ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੇਂਦਰ ਦੀ ਇਸ ਯੋਜਨਾ ਦਾ ਲਾਭ ਮਿਲੇ, ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਵਲੋਂ ਯਤਨ ਕੀਤੇ ਜਾਣਗੇ।
ਪਹਿਲੀ ਵਾਰ ਸਰਕਾਰ ਨੇ ਅਨਆਰਗੇਨਾਈਜ਼ਡ ਸੈਕਟਰ 'ਚ ਕੰਮ ਕਰਨ ਵਾਲੇ ਲੋਕਾਂ ਬਾਰੇ ਸੋਚਿਆ ਹੈ। ਇਹ ਖੁਦ 'ਚ ਵੱਡੀ ਤਬਦੀਲੀ ਹੈ। ਇਸ ਯੋਜਨਾ ਤਹਿਤ 18 ਸਾਲ ਦਾ ਜੇਕਰ ਕੋਈ ਵਿਅਕਤੀ ਖੁਦ ਨੂੰ ਰਜਿਸਟਰਡ ਕਰਦਾ ਹੈ ਤਾਂ ਉਸਨੂੰ ਸਿਰਫ 58 ਰੁਪਏ ਪ੍ਰਤੀ ਮਹੀਨਾ ਆਪਣੇ ਜਨਧਨ ਖਾਤੇ 'ਚ ਜਮ੍ਹਾ ਕਰਵਾਉਣੇ ਹੋਣਗੇ। ਜਨਧਨ ਖਾਤੇ ਦਾ ਆਧਾਰ ਕਾਰਡ ਨਾਲ ਜੁੜਿਆ ਹੋਣਾ ਜ਼ਰੂਰੀ ਹੈ। 40 ਸਾਲ ਦੇ ਵਿਅਕਤੀ ਨੂੰ ਇਸ ਯੋਜਨਾ ਤਹਿਤ ਹਰ ਮਹੀਨੇ 200 ਰੁਪਏ  ਜਮ੍ਹਾ ਕਰਵਾਉਣੇ ਹੋਣਗੇ ਜੇਕਰ ਕੋਈ ਇਹ ਰਾਸ਼ੀ 58 ਸਾਲ ਤਕ ਜਮ੍ਹਾ ਕਰਵਾਉਂਦਾ ਰਹਿੰਦਾ ਹੈ ਤਾਂ ਉਸਨੂੰ 58 ਸਾਲ ਤੋਂ ਬਾਅਦ ਪ੍ਰਤੀ ਮਹੀਨਾ 3000 ਰੁਪਏ ਪੈਨਸ਼ਨ ਮਿਲੇਗੀ  ਜੇਕਰ ਇਕ ਘਰ 'ਚ ਦੋ ਜਾਂ ਤਿੰਨ ਜਾਂ ਚਾਰ ਜਾਂ ਇਸ ਤੋਂ ਜ਼ਿਆਦਾ ਮੈਂਬਰ ਵੀ ਇਸ ਯੋਜਨਾ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਸਾਰਿਆਂ ਨੂੰ ਪਹਿਲੇ ਪੜਾਅ 'ਚ ਈ. ਪੀ. ਐੱਫ. ਓ. ਦਫਤਰ ਜਾਂ ਐੱਲ. ਆਈ. ਸੀ. 'ਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਆਪਣੇ ਨਾਲ ਜਨਧਨ ਖਾਤੇ ਦੀ ਡਿਟੇਲ ਅਤੇ ਆਧਾਰ ਕਾਰਡ ਨੂੰ ਲਿਜਾਣਾ ਹੋਵੇਗਾ। 

Babita

This news is Content Editor Babita