ਅਣਪਛਾਤੇ ਠੱਗਾਂ ਨੇ ਨਾਟਕੀ ਢੰਗ ਨਾਲ ਬੈਂਕ ਖਾਤੇ ''ਚੋਂ ਠੱਗੀ ਮਾਰ ਕੇ ਕੱਢਵਾਏ 19,200 ਰੁਪਏ

07/19/2017 5:43:34 PM


ਗੁਰਦਾਸਪੁਰ(ਵਿਨੋਦ)-ਅਣਪਛਾਤੇ ਠੱਗਾਂ ਵੱਲੋਂ ਇਕ ਸੇਵਾਮੁਕਤ ਪ੍ਰੋਫੈਸਰ ਨਾਲ ਨਾਟਕੀ ਢੰਗ ਨਾਲ ਠੱਗੀ ਮਾਰੇ ਜਾਣ ਦਾ ਸਮਾਚਾਰ ਮਿਲਿਆ ਹੈ। 
ਗੁਰਦਾਸਪੁਰ ਦੇ ਸੇਵਾਮੁਕਤ ਪ੍ਰੋਫੈਸਰ ਸੁਭਾਸ਼ ਦੁੱਗਲ ਨੇ ਆਪਣੇ ਨਾਲ ਹੋਈ ਠੱਗੀ ਸੰਬੰਧੀ ਦੱਸਿਆ ਕਿ ਉਸ ਨੂੰ ਇਕ ਮੋਬਾਇਲ ਕਾਲ ਆਈ ਅਤੇ ਕਿਹਾ ਗਿਆ ਕਿ ਤੁਹਾਡੇ ਵੱਲੋਂ ਆਨ-ਲਾਈਨ ਖਰੀਦ ਕਰਨ 'ਤੇ ਕੂਪਨ ਦੇ ਮਾਧਿਅਮ ਨਾਲ ਉਸ ਦੀ 14 ਲੱਖ ਰੁਪਏ ਦੀ ਕਾਰ ਇਨਾਮ 'ਚ ਨਿਕਲੀ ਹੈ। ਇਸ ਕਾਰ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ 6400 ਰੁਪਏ ਆਨ-ਲਾਈਨ ਬੈਂਕ ਖਾਤੇ 'ਚ ਜਮ੍ਹਾ ਕਰਵਾਉਣੇ ਹੋਣਗੇ, ਜਿਸ 'ਤੇ ਸੁਭਾਸ਼ ਦੁੱਗਲ ਨੇ ਇਹ ਰਾਸ਼ੀ ਦੱਸੇ ਨੰਬਰ 'ਚ ਜਮ੍ਹਾ ਕਰਵਾ ਦਿੱਤੀ।
ਕੁਝ ਸਮੇਂ ਬਾਅਦ ਫਿਰ ਉਸ ਵਿਅਕਤੀ ਦੀ ਕਾਲ ਆ ਗਈ, ਜਿਸ ਵਿਚ ਉਸ ਨੇ ਕਿਹਾ ਕਿ ਤੁਸੀ ਕਾਰ ਲੈਣਾ ਚਾਹੁੰਦੇ ਹੋ ਜਾਂ ਨਕਦ ਰਾਸ਼ੀ ਲੈਣਾ ਚਾਹੁੰਦੇ ਹੋ, ਜਿਸ 'ਤੇ ਮੈਂ ਕਿਹਾ ਕਿ ਮੈਂ ਪੈਸੇ ਲੈਣਾ ਚਾਹੁੰਦਾ ਹਾਂ। ਕਾਲ ਕਰਨ ਵਾਲੇ ਨੇ ਮੇਰੇ ਤੋਂ ਆਪਣਾ ਬੈਂਕ ਖਾਤਾ ਨੰਬਰ ਅਤੇ ਬੈਂਕ ਆਈ. ਐੱਫ. ਸੀ. ਐੱਸ. ਨੰਬਰ ਮੰਗ ਲਿਆ। ਉਸ ਨੇ ਕਿਹਾ ਕਿ ਕੁਝ ਸਮੇਂ ਬਾਅਦ ਤੁਹਾਡੇ ਖਾਤੇ ਵਿਚ ਰਾਸ਼ੀ ਟਰਾਂਸਫਰ ਕਰ ਦਿੱਤੀ ਜਾਵੇਗੀ ਪਰ ਕੁਝ ਸਮੇਂ ਬਾਅਦ ਹੀ ਬੈਂਕ ਤੋਂ ਮੋਬਾਇਲ ਸੰਦੇਸ਼ ਆ ਗਿਆ ਕਿ ਤੁਹਾਡੇ ਖਾਤੇ ਵਿਚੋਂ 19,200 ਰੁਪਏ ਕੱਢਵਾਏ ਗਏ ਹਨ ਪਰ ਜਦ ਮੈਂ ਜਿਸ ਮੋਬਾਇਲ ਨੰਬਰ ਤੋਂ ਕਾਲ ਆ ਰਹੀ ਸੀ 'ਤੇ ਫੋਨ ਕੀਤਾ ਤਾਂ ਉਹ ਬੰਦ ਮਿਲਿਆ।