ਮੁੰਡੇ ਦੇ ਵਿਆਹ ''ਚ ਬੈਲਗੱਡੀ ''ਤੇ ਪੁੱਜਾ ਨਾਨਕਾ ਮੇਲ, ਤੱਕਦੇ ਰਹਿ ਗਏ ਲੋਕ (ਤਸਵੀਰਾਂ)

01/04/2018 6:39:32 PM

ਕਪੂਰਥਲਾ— ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਿਹਾ ਹੈ। ਐੱਨ. ਆਰ. ਆਈ. ਜਿੱਥੇ ਹੈਲੀਕਾਪਟਰ 'ਤੇ ਬਰਾਤ ਲੈ ਕੇ ਆ ਰਹੇ ਹਨ, ਉਥੇ ਹੀ ਭਾਣਜੇ ਦੇ ਵਿਆਹ 'ਚ ਜਾਣ ਲਈ ਇਕ ਨਾਨਕਾ ਪਰਿਵਾਰ ਨੇ ਸਭ ਤੋਂ ਅਨੋਖਾ ਤਰੀਕਾ ਅਪਣਾਇਆ। ਪੰਜਾਬੀ ਸੱਭਿਆਚਾਰ ਨਾਲ ਪ੍ਰੇਰਿਤ ਨਾਨਕਾ ਪਰਿਵਾਰ ਬੈਲਗੱਡੀ 'ਤੇ ਪਹੁੰਚਿਆ। ਉਨ੍ਹਾਂ ਦੇ ਇਸ ਅਨੋਖੇ ਤਰੀਕੇ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ।


ਦਰਅਸਲ ਪਿੰਡ ਭਾਨੋਲੰਗਾ ਦੇ ਸੋਹਨ ਸਿੰਘ ਦੇ ਬੇਟੇ ਹਰਜੀਤ ਸਿੰਘ ਦਾ ਵਿਆਹ ਪਿੰਡ ਭੇਟਾਂ ਦੀ ਰਹਿਣ ਵਾਲੀ ਲੜਕੀ ਨਾਲ 31 ਦਸੰਬਰ ਨੂੰ ਹੋਇਆ। ਭਾਣਜੇ ਹਰਜੀਤ ਸਿੰਘ ਦੇ ਘਰ ਨਾਨਕਾ ਪਰਿਵਾਰ ਵੱਲੋਂ ਮੇਲ ਕਰਵਾਉਣ ਦੀ ਪਰੰਪਰਾ ਨੂੰ ਨਿਭਾਉਣ ਲਈ ਹਰਜੀਤ ਦੇ ਮਾਮਾ ਸਰਵਨ ਸਿੰਘ ਨਾਰੰਗਪੁਰ ਜਲੰਧਰ ਦੇ ਪਿੰਡ ਨਾਰੰਗਪੁਰ ਤੋਂ ਅਨੋਖੇ ਤਰੀਕੇ ਨਾਲ ਪਿੰਡ ਭਾਨੋਲੰਗਾ ਪਹੁੰਚੇ। ਹਰਜੀਤ ਦੇ ਮਾਮਾ ਸਰਵਨ ਸਿੰਘ, ਫੁੱਫੜ ਸਾਧੂ ਸਿੰਘ ਸੈਦੋਵਾਲ ਪੂਰੇ ਰਿਸ਼ਤੇਦਾਰਾਂ ਦੇ ਨਾਲ ਫੁੱਲਾਂ ਅਤੇ ਲਾਊਡ ਸਪੀਕਰਾਂ ਵਾਲੀ ਬੈਲਗੱਡੀ 'ਤੇ ਬੈਠ ਕੇ ਭਾਨੋਲੰਗਾ ਪਹੁੰਚੇ। ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਇਸ ਨਾਨਕੇ ਪਰਿਵਾਰ ਨੂੰ ਦੇਖਣ ਲਈ ਪਿੰਡ ਦੇ ਲੋਕ ਘਰਾਂ ਦੀਆਂ ਛੱਤਾਂ 'ਤੇ ਉਮੜ ਆਏ। ਬਕਾਇਦਾ ਰਿਸ਼ਤੇਦਾਰ ਪੰਜਾਬੀ ਸੱਭਿਆਚਾਰ, ਘੱਘਰੇ ਅਤੇ ਫੁੱਲਕਾਰੀਆਂ ਲੈ ਕੇ ਆਏ, ਉਥੇ ਹੀ ਨੌਜਵਾਨ ਚਿੱਟੇ ਕੁਰਤੇ, ਚਾਦਰਾਂ ਅਤੇ ਹੱਥਾਂ 'ਚ ਸੰਮਾ ਡਾਂਗ ਲੈ ਕੇ ਆਏ ਸਨ। 31 ਦਸੰਬਰ ਨੂੰ ਹਰਜੀਤ ਸਿੰਘ ਦਾ ਵਿਆਹ ਪਿੰਡ ਭੇਟਾਂ 'ਚ ਹੋਇਆ।


ਸਾਧੂ ਸਿੰਘ ਅਤੇ ਸਰਵਨ ਸਿੰਘ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਪੁਰਾਣੇ ਪੰਜਾਬ ਨਾਲ ਰੂਬਰੂ ਕਰਵਾਉਣ ਲਈ ਉਨ੍ਹਾਂ ਨੇ ਇਹ ਤਰੀਕਾ ਚੁਣਿਆ ਹੈ, ਜਿਸ ਨਾਲ ਯੂਥ ਨੂੰ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਦੇ ਬਾਰੇ ਜਾਣਕਾਰੀ ਮਿਲ ਸਕੇ।