ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੀ, ਨਿਵੇਸ਼ ਦੇ ਅਨੁਕੂਲ ਨਹੀਂ ਸੂਬੇ ਦਾ ਮਾਹੌਲ: ਸੋਮ ਪ੍ਰਕਾਸ਼

01/01/2023 10:48:12 AM

ਜਲੰਧਰ- ਕੇਂਦਰੀ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਪੰਜਾਬ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਮੌਜੂਦਾ ਹਾਲਾਤ ਨੂੰ ਸੁਧਾਰਨ ਦੀ ਲੋੜ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਸੂਬਿਆਂ ’ਚ ਜਾ ਕੇ ਨਿਵੇਸ਼ ਕਰਨ ਲਈ ਇੰਡਸਟ੍ਰੀ ਨੂੰ ਅਪੀਲ ਕਰ ਰਹੇ ਹਨ, ਜਦੋਂਕਿ ਪੰਜਾਬ ਦੀ ਇੰਡਸਟ੍ਰੀ ਉੱਤਰ ਪ੍ਰਦੇਸ਼ ’ਚ ਨਿਵੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਏ ਦਿਨ ਕਤਲ ਅਤੇ ਡਕੈਤੀਆਂ ਹੋ ਰਹੀਆਂ ਹਨ ਅਤੇ ਹਾਈਵੇਅ ’ਤੇ ਲਗਾਤਾਰ ਧਰਨੇ ਜਾਰੀ ਹਨ। ਪੰਜਾਬ ’ਚ ਜੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ ਕਈ ਮਹੀਨਿਆਂ ਤੋਂ ਧਰਨਾ ਚੱਲ ਰਿਹਾ ਹੈ। ਸਰਕਾਰ ਇਸ ਮਾਮਲੇ ’ਚ ਕੋਈ ਫ਼ੈਸਲਾ ਨਹੀਂ ਲੈ ਰਹੀ। ਇਸ ਨਾਲ ਇੰਡਸਟ੍ਰੀ ਨੂੰ ਇਹ ਸੰਦੇਸ਼ ਜਾ ਰਿਹਾ ਹੈ ਕਿ ਪੰਜਾਬ ’ਚ ਉਨ੍ਹਾਂ ਦਾ ਨਿਵੇਸ਼ ਸੁਰੱਖਿਅਤ ਨਹੀਂ। ਇਸ ਲਈ ਪੰਜਾਬ ਦੇ ਉਦਯੋਗਪਤੀ ਹੀ ਹੋਰ ਸੂਬਿਆਂ ਵੱਲ ਰੁਖ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਹਾਈ ਕੋਰਟ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਲਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਣ ਅਤੇ ਕੇਂਦਰ ’ਚ ਮੰਤਰੀ ਹੋਣ ਕਾਰਨ ਮੇਰੀ ਵੀ ਇੱਛਾ ਹੈ ਕਿ ਪੰਜਾਬ ’ਚ ਨਿਵੇਸ਼ ਆਏ ਪਰ ਭਾਰਤ ਇਕ ਫੈਡਰਲ ਸਟ੍ਰੱਕਚਰ ਹੈ ਅਤੇ ਇੱਥੇ ਕੇਂਦਰ ਸਰਕਾਰਾਂ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਹਨ। ਕਾਨੂੰਨ ਵਿਵਸਥਾ ਸੂਬੇ ਦਾ ਮੁੱਦਾ ਹੈ ਅਤੇ ਜਦੋਂ ਤਕ ਕਾਨੂੰਨ ਵਿਵਸਥਾ ਸਹੀ ਨਹੀਂ ਹੁੰਦੀ, ਉਸ ਵੇਲੇ ਤਕ ਕਿਸੇ ਵੀ ਨਿਵੇਸ਼ਕ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਵੀ ਵਿਅਕਤੀ ਨਿਵੇਸ਼ ਕਰੇਗਾ, ਉਹ ਆਪਣੇ ਨਿਵੇਸ਼ ’ਤੇ ਰਿਟਰਨ ਦੀ ਉਮੀਦ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਕੇਂਦਰ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਹਿਯੋਗ ਕੀਤਾ ਵੀ ਜਾ ਰਿਹਾ ਹੈ। ਪੰਜਾਬ ’ਚ ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹਰ ਹਰਕਤ ’ਤੇ ਬੀ. ਐੱਸ. ਐੱਫ਼. ਜਵਾਬ ਦੇ ਰਹੀ ਹੈ ਅਤੇ ਪਾਕਿਸਤਾਨ ਦੇ ਡਰੋਨ ਡੇਗੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ’ਚ ਵਾਰਦਾਤਾਂ ਕਰਨ ਵਾਲੇ ਕਈ ਗੈਂਗਸਟਰਾਂ ਨੂੰ ਦਿੱਲੀ ਪੁਲਸ ਤੇ ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਮਾਮਲੇ ’ਚ ਪੰਜਾਬ ਦਾ ਪੂਰਾ ਸਹਿਯੋਗ ਕੀਤਾ ਹੈ।

ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਹੀ ਨੀਅਤ ਨਾਲ ਆਮ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਕੇਂਦਰੀ ਬਜਟ ’ਚ ਵੀ ਤੁਹਾਨੂੰ ਇਸ ਦੀ ਝਲਕ ਵੇਖਣ ਨੂੰ ਮਿਲੇਗੀ। ਇਸ ਬਜਟ ਲਈ ਸਾਰੇ ਮੰਤਰਾਲਿਆਂ ਨੇ ਫੰਡ ਦੀਆਂ ਲੋੜਾਂ ਬਾਰੇ ਵਿੱਤ ਮੰਤਰਾਲਾ ਨੂੰ ਦੱਸ ਦਿੱਤਾ ਹੈ ਅਤੇ ਵਣਜ ਤੇ ਉਦਯੋਗ ਮੰਤਰਾਲਾ ਨੇ ਵੀ ਆਪਣੇ ਬਜਟ ਪ੍ਰਸਤਾਵ ਵਿੱਤ ਮੰਤਰਾਲਾ ਨੂੰ ਭੇਜ ਦਿੱਤੇ ਹਨ। ਮੈਨੂੰ ਉਮੀਦ ਹੈ ਕਿ ਵਿੱਤ ਮੰਤਰਾਲਾ ਵੱਲੋਂ ਇਨ੍ਹਾਂ ਪ੍ਰਸਤਾਵਾਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਵਣਜ ਅਤੇ ਉਦਯੋਗ ਮੰਤਰਾਲਾ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਿਹਤਰੀਨ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਪੂਰੀ ਮਜ਼ਬੂਤੀ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਅਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਦੀ ਨਿਗਰਾਨੀ ਲਈ 3 ਕੇਂਦਰੀ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ। ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਕਾਰਨ ਸਿਆਸੀ ਸਰਗਰਮੀਆਂ ਦੀ ਰਫਤਾਰ ਘੱਟ ਹੋ ਗਈ ਸੀ ਪਰ ਹੁਣ ਸੈਸ਼ਨ ਖਤਮ ਹੋਣ ਤੋਂ ਬਾਅਦ ਨਵੇਂ ਸਾਲ ’ਚ ਇਕ ਵਾਰ ਫਿਰ ਸਾਰੇ ਮੰਤਰੀ ਆਪੋ-ਆਪਣੇ ਕੰਮ ਵਿਚ ਲੱਗ ਜਾਣਗੇ। ਭਾਜਪਾ ਨੇ ਦੇਸ਼ ਵਿਚ ਅਜਿਹੀਆਂ 144 ਸੀਟਾਂ ਦੀ ਪਛਾਣ ਕੀਤੀ ਹੈ, ਜਿੱਥੇ ਪਿਛਲੀ ਵਾਰ ਨਤੀਜੇ ਉਮੀਦ ਮੁਤਾਬਕ ਨਹੀਂ ਆਏ ਸਨ। ਇਨ੍ਹਾਂ ਸਾਰੀਆਂ ਸੀਟਾਂ ’ਤੇ ਕੇਂਦਰੀ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ। ਮੇਰੀ ਡਿਊਟੀ ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ ਸੀਟਾਂ ’ਤੇ ਲੱਗੀ ਹੈ ਅਤੇ ਮੈਂ ਖੁਦ ਉੱਥੇ ਜਾ ਕੇ ਸੀਟਾਂ ਬਾਰੇ ਰਿਪੋਰਟ ਲਈ ਹੈ। ਹੁਣ ਇਨ੍ਹਾਂ ’ਤੇ ਅੱਗੇ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਭਾਜਪਾ ਵਿਚ ਆਏ ਵੱਡੇ ਨੇਤਾਵਾਂ ਨੂੰ ਪਾਰਟੀ ਨੇ ਸਨਮਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਪਰ ਪਾਰਟੀ ਦੇ ਇਸ ਕਦਮ ਤੋਂ ਭਾਜਪਾ ਦਾ ਪੁਰਾਣਾ ਕੈਡਰ ਨਿਰਾਸ਼ ਨਹੀਂ ਕਿਉਂਕਿ ਭਾਜਪਾ ਪਹਿਲਾਂ ਪੰਜਾਬ ’ਚ 3 ਸੀਟਾਂ ’ਤੇ ਚੋਣ ਲੜਦੀ ਸੀ ਅਤੇ ਹੁਣ ਪਾਰਟੀ ਪੂਰੀਆਂ 13 ਸੀਟਾਂ ’ਤੇ ਚੋਣ ਲੜੇਗੀ। ਇਸ ਦੇ ਲਈ ਇਕ ਵੱਡੀ ਟੀਮ ਦੀ ਲੋੜ ਹੈ ਅਤੇ ਜਿਹੜੇ ਚਿਹਰੇ ਭਾਜਪਾ ਵਿਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿਚ ਲੰਮਾ ਤਜਰਬਾ ਹੈ। ਇਸ ਲਈ ਉਨ੍ਹਾਂ ਦੀ ਸਿਆਸੀ ਹੈਸੀਅਤ ਦੇ ਲਿਹਾਜ਼ ਨਾਲ ਉਨ੍ਹਾਂ ਦਾ ਸਨਮਾਨ ਕਰਨਾ ਸਿਆਸੀ ਤੌਰ ’ਤੇ ਸਹੀ ਫ਼ੈਸਲਾ ਹੈ। ਅਕਾਲੀ ਦਲ ਨਾਲ ਮੁੜ ਗਠਜੋੜ ਦੇ ਸਵਾਲ ’ਤੇ ਸੋਮ ਪ੍ਰਕਾਸ਼ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਗਠਜੋੜ ਖੁਦ ਤੋੜਿਆ ਹੈ ਅਤੇ ਹੁਣ ਭਾਜਪਾ ਆਪਣੇ ਦਮ ’ਤੇ ਚੋਣ ਲੜੇਗੀ। ਹਾਲਾਂਕਿ ਇਸ ਮਾਮਲੇ ’ਚ ਅੰਤਿਮ ਫੈਸਲਾ ਪਾਰਟੀ ਦਾ ਸੰਸਦੀ ਬੋਰਡ ਕਰੇਗਾ ਕਿਉਂਕਿ ਭਾਜਪਾ ਸੱਤਾ ਲਈ ਨਹੀਂ, ਸਗੋਂ ਸਿਧਾਂਤਾਂ ਲਈ ਸਿਆਸਤ ਕਰਦੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਹੋ ਰਹੇ ਖੁਲਾਸਿਆਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ਦੀ ਜੜ੍ਹ ਹੈ ਅਤੇ ਪਾਰਟੀ ਦਾ ਜਿਹੜਾ ਨੇਤਾ ਸੱਤਾ ’ਚ ਸਿਖਰ ’ਤੇ ਪਹੁੰਚਦਾ ਹੈ, ਉਹ ਭ੍ਰਿਸ਼ਟਾਚਾਰ ’ਚ ਪੈ ਜਾਂਦਾ ਹੈ। ਇਸ ਵਿਚ ਕੋਈ ਨਵੀਂ ਗੱਲ ਨਹੀਂ। ਇਸ ਮਾਮਲੇ ’ਚ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਅਤੇ ਉਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਸੰਸਦ ’ਚ ਸਰਗਰਮੀ ਦੇ ਮਾਮਲੇ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੌਜਵਾਨ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਸੰਸਦੀ ਪ੍ਰਕਿਰਿਆ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣਾ ਚਾਹੀਦਾ ਹੈ। ਲੋਕਤੰਤਰ ਲਈ ਮਜ਼ਬੂਤ ਆਪੋਜ਼ੀਸ਼ਨ ਦਾ ਹੋਣਾ ਜ਼ਰੂਰੀ ਹੈ ਅਤੇ ਆਪੋਜ਼ੀਸ਼ਨ ਨੂੰ ਸਵਾਲ ਵੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਰਾਘਵ ਚੱਢਾ ਦੀ ਸੰਸਦ ’ਚ ਹਾਜ਼ਰੀ 100 ਫ਼ੀਸਦੀ ਰਹੀ ਹੈ ਤਾਂ ਉਹ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ।

ਭਾਰਤ ਜਰਮਨੀ ਅਤੇ ਜਾਪਾਨ ਨੂੰ ਪਛਾੜ ਕੇ ਜਲਦ ਬਣੇਗਾ ਤੀਜੀ ਵੱਡੀ ਅਰਥਵਿਵਸਥਾ
ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਲਗਾਤਾਰ ਤੇਜ਼ੀ ਵੱਲ ਜਾ ਰਹੀ ਹੈ ਅਤੇ ਭਾਰਤ ਯੂ. ਕੇ. ਨੂੰ ਪਛਾੜ ਕੇ 5ਵੀਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਆਉਣ ਵਾਲੇ 5-6 ਸਾਲਾਂ ’ਚ ਭਾਰਤ ਜਾਪਾਨ ਤੇ ਜਰਮਨੀ ਨੂੰ ਪਛਾੜ ਕੇ ਇਸ ਸੂਚੀ ਵਿਚ ਤੀਜੇ ਨੰਬਰ ’ਤੇ ਆ ਜਾਵੇਗਾ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰਾਲੇ ਦਿਨ-ਰਾਤ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਜਾਂ ਸਿਸਟਮ ’ਚ ਕਮੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ’ਤੇ ਹੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ਵਾਸੀਆਂ ਦਾ ਜੀਵਨ ਹੋਰ ਬਿਹਤਰ ਹੋ ਸਕੇ। ਉਨ੍ਹਾਂ ਕਿਹਾ ਕਿ ਚੀਨ ’ਚ ਕੋਰੋਨਾ ਫੈਲਣ ਅਤੇ ਉਸ ਦਾ ਅਕਸ ਪੂਰੀ ਦੁਨੀਆ ’ਚ ਖਰਾਬ ਹੋਣ ਦਾ ਭਾਰਤ ਨੂੰ ਕਾਫ਼ੀ ਫਾਇਦਾ ਹੋਣ ਜਾ ਰਿਹਾ ਹੈ ਅਤੇ ਦੁਨੀਆ ਦੇ ਵੱਡੇ-ਵੱਡੇ ਨਿਵੇਸ਼ਕ ਭਾਰਤ ਨੂੰ ਉਮੀਦ ਦੀ ਨਜ਼ਰ ਨਾਲ ਵੇਖ ਰਹੇ ਹਨ। ਐੱਪਲ ਨੇ ਇਸ ਸਾਲ ਦੇਸ਼ ’ਚ ਰਿਕਾਰਡ ਗਿਣਤੀ ’ਚ ਆਈਫੋਨ ਦਾ ਉਤਪਾਦਨ ਕੀਤਾ ਹੈ ਅਤੇ ਆਉਣ ਵਾਲੇ ਸਾਲਾਂ ’ਚ ਸਰਕਾਰ ਕਾਰੋਬਾਰ ਕਰਨ ਦਾ ਬਿਹਤਰੀਨ ਮਾਹੌਲ ਬਣਾ ਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਲੈ ਕੇ ਆਏਗੀ, ਜਿਸ ਨਾਲ ਨਾ ਸਿਰਫ਼ ਭਾਰਤ ’ਚ ਰੋਜ਼ਗਾਰ ਵਧੇਗਾ, ਸਗੋਂ ਭਾਰਤ ਤੇਜ਼ੀ ਨਾਲ ਤਰੱਕੀ ਵੀ ਕਰੇਗਾ। ਇਹ ਸਾਰਾ ਪ੍ਰੋਗਰਾਮ ਆਤਮਨਿਰਭਰ ਭਾਰਤ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਸਾਲ ਐਕਸਪੋਰਟ ਦਾ ਵੱਡਾ ਟੀਚਾ ਤੈਅ ਕੀਤਾ ਜਾਂਦਾ ਹੈ ਅਤੇ ਅਸੀਂ ਹਰ ਸਾਲ ਆਪਣੇ ਟੀਚੇ ਨੂੰ ਪਾਰ ਕਰ ਰਹੇ ਹਾਂ। ਇੰਨਾ ਹੀ ਨਹੀਂ, ਦੇਸ਼ ਵਿਚ ਉਦਯੋਗਿਕ ਉਤਪਾਦਨ ਵੀ ਲਗਾਤਾਰ ਵਧਿਆ ਹੈ, ਜਦੋਂਕਿ ਦੁਨੀਆ ਇਸ ਵੇਲੇ ਮੰਦੀ ਦਾ ਸਾਹਮਣਾ ਕਰ ਰਹੀ ਹੈ। ਯੂਰਪ ਤੇ ਅਮਰੀਕਾ ’ਚ ਤਰੱਕੀ ਦੀ ਰਫਤਾਰ ਘਟ ਗਈ ਹੈ ਅਤੇ ਭਾਰਤ ਇਸ ਸਾਲ ਵੀ ਲਗਭਗ 7 ਫ਼ੀਸਦੀ ਦੀ ਦਰ ਨਾਲ ਤਰੱਕੀ ਕਰੇਗਾ। ਇਹ ਅੰਕੜਾ ਵਰਲਡ ਬੈਂਕ ਵੱਲੋਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :ਕਪੂਰਥਲਾ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri