ਕੇਂਦਰੀ ਬਜਟ ਕਿਸਾਨ ਪੱਖੀ ਤੇ ਲੋਕ ਕੇਂਦਰਿਤ : ਬਾਦਲ

02/02/2018 12:42:34 AM

ਚੰਡੀਗੜ, (ਪਰਾਸ਼ਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ 2018-19 ਦੇ ਕੇਂਦਰੀ ਬਜਟ ਨੂੰ 'ਕਿਸਾਨ-ਪੱਖੀ ਅਤੇ ਲੋਕ-ਕੇਂਦਰਿਤ' ਦੱਸਦਿਆਂ ਸਰਾਹਿਆ ਹੈ ਅਤੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਫਸਲ ਦੀ ਲਾਗਤ ਨਾਲ ਜੋੜਣਾ, ਖੇਤੀਬਾੜੀ ਵਸਤਾਂ ਦੇ ਨਿਰਯਾਤ 'ਤੇ ਜ਼ੋਰ ਦੇਣਾ, ਫੂਡ ਪ੍ਰੋਸੈਸਿੰਗ ਇੰਡਸਟਰੀ ਲਈ ਰਾਸ਼ੀ ਵਧਾ ਕੇ ਖੇਤੀ ਵਸਤਾਂ ਦੇ ਮੁੱਲ 'ਚ ਵਾਧਾ ਕਰਨਾ, ਪੇਂਡੂ ਆਰਥਿਕਤਾ ਅਤੇ ਵਿਕਾਸ ਉਤੇ ਧਿਆਨ ਕੇਂਦਰਿਤ ਕਰਨਾ ਆਦਿ ਇਸ ਬਜਟ ਦੀਆਂ ਨਿਵੇਕਲੀਆਂ ਅਤੇ ਸਵਾਗਤਯੋਗ ਖਾਸੀਅਤਾਂ ਹਨ।
ਬਾਦਲ ਨੇ ਖੇਤੀਬਾੜੀ ਅਤੇ ਪੇਂਡੂ ਸੈਕਟਰ ਅੰਦਰ ਸਰਕਾਰੀ ਨਿਵੇਸ਼ਾਂ ਵਿਚ ਲਿਆਂਦੀ ਗਈ ਤਰਜੀਹੀ-ਤਬਦੀਲੀ, ਖਾਸ ਕਰਕੇ ਕਿਸਾਨਾਂ ਦੀ ਲਾਗਤ ਤੋਂ 1.50 ਗੁਣਾ ਐੱਮ. ਐੱਸ. ਪੀਜ਼ ਨੂੰ ਯਕੀਨੀ ਬਣਾਉਣ ਲਈ ਕੀਤੀ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਗਤ ਉਤੇ 100 ਫੀਸਦੀ ਮੁਨਾਫਾ ਯਕੀਨੀ ਬਣਾਉਣ ਬਾਰੇ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਇਹ ਇੱਕ ਠੋਸ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਉਤੇ ਕਿਸਾਨਾਂ ਲਈ ਜੇਤਲੀ ਵਲੋਂ ਵਿਖਾਈ ਚਿੰਤਾ ਸਾਫ ਨਜ਼ਰ ਆਉਂਦੀ ਹੈ।
ਉਨ੍ਹਾਂ ਕਿਹਾ ਕਿ 1947 ਤੋਂ ਲੈ ਕੇ ਪਹਿਲੀ ਵਾਰ ਭਾਰਤ ਦੀ ਸਰਕਾਰ ਨੇ ਇਕ ਬਜਟ ਰਾਹੀਂ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ। ਜਦੋਂ ਇਸ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਗਿਆ ਤਾਂ ਇਹ ਵਿਕਾਸ ਦੀ ਦਿਸ਼ਾ ਵੱਲ ਪੁੱਟਿਆ ਇੱਕ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗਾ, ਕਿਉਂਕਿ ਕਿਸਾਨ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਹੈ ਅਤੇ ਖੇਤੀਬਾੜੀ ਤੇਜ਼ੀ ਨਾਲ ਵਿਕਾਸ ਕਰ ਰਹੀ ਭਾਰਤ ਦੀ ਅਰਥ-ਵਿਵਸਥਾ ਲਈ ਆਧਾਰ-ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਨਿਸ਼ਚਿਤ ਕਰਨ ਲਈ ਦੂਜੇ ਰਾਜਾਂ ਖਾਸ ਕਰਕੇ ਖੇਤੀਬਾੜੀ ਵਾਲੇ ਰਾਜਾਂ ਨਾਲ ਸਲਾਹ-ਮਸ਼ਵਰਾ ਕਰਨ ਵਾਲਾ ਕਲਾਜ਼ ਇੱਕ ਵੱਡਾ ਅਗਾਂਹਵਧੂ ਕਦਮ ਹੈ। 
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਵਸਤਾਂ ਦਾ ਮੁੱਲ ਵਧਾਉਣ ਉਤੇ ਦਿੱਤਾ ਗਿਆ ਜ਼ੋਰ ਬਹੁਤ ਹੀ ਸੰਤੁਸ਼ਟੀਜਨਕ ਕਦਮ ਹੈ। ਦੇਸ਼ ਅੰਦਰ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਬਜਟ ਵਿਚ ਕੀਤਾ ਗਿਆ 100 ਫੀਸਦੀ ਵਾਧਾ ਆਮ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਨੇ ਵਿੱਤ ਮੰਤਰੀ ਵਲੋਂ ਆਮ ਲੋਕਾਂ ਨੂੰ ਆਮਦਨ ਕਰ ਵਿਚ ਦਿੱਤੀ ਗਈ 40 ਹਜ਼ਾਰ ਰੁਪਏ ਦੀ ਰਾਹਤ ਦਾ ਵੀ ਸਵਾਗਤ ਕੀਤਾ।