ਅਣਪਛਾਤੇ ਹਮਲਾਵਰਾਂ ਨੇ ਪ੍ਰਿੰਸੀਪਲ ਦੀ ਕੀਤੀ ਕੁੱਟਮਾਰ (ਵੀਡੀਓ)

11/02/2017 4:49:01 PM

ਕਪੂਰਥਲਾ, (ਮਲਹੋਤਰਾ)- ਫੱਤੂਢੀਂਗਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ 20-25 ਅਣਪਛਾਤੇ ਲੋਕਾਂ ਵਲੋਂ ਪੁਰਾਣੀ ਰੰਜਿਸ਼ ਦੇ ਚਲਦੇ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਬੁਰੀ ਤਰ੍ਹਾਂ ਜ਼ਖਮੀ ਸਕੂਲ ਪ੍ਰਿੰਸੀਪਲ ਨੂੰ ਇਲਾਜ ਲਈ ਸਟਾਫ ਵਲੋਂ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਗੁਰਚਰਨ ਸਿੰਘ ਮੁਲਤਾਨੀ ਪੁੱਤਰ ਉਜਾਗਰ ਸਿੰਘ ਦੇ ਸਾਥੀ ਨੇ ਦੱਸਿਆ ਕਿ ਪ੍ਰਿੰਸੀਪਲ ਗੁਰਚਰਨ ਸਿੰਘ ਮੁਲਤਾਨੀ ਜਦੋਂ ਸਕੂਲ 'ਚ ਆਪਣੇ ਦਫਤਰ 'ਚ ਬੈਠੇ ਸਨ, ਤਾਂ ਹਥਿਆਰਾਂ ਨਾਲ ਲੈਸ 20-25 ਲੋਕਾਂ ਨੇ ਆਉਂਦੇ ਹੀ ਗਾਲੀ-ਗਲੋਚ ਕਰਨ ਉਪਰੰਤ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ 'ਚ ਉਹ ਭੱਜ ਗਏ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਸਕੂਲ ਪ੍ਰਿੰਸੀਪਲ ਗੁਰਚਰਨ ਸਿੰਘ ਮੁਲਤਾਨੀ ਫੱਤੂਢੀਂਗਾ ਨੂੰ ਸੂਚਿਤ ਕੀਤਾ ਗਿਆ। 
ਲੋਕਾਂ ਨੇ ਦੱਸਿਆ ਕਿ ਲੱਗਦਾ ਹੈ ਕਿ ਉਸੇ ਰੰਜਿਸ਼ ਦੇ ਚਲਦੇ ਅਣਪਛਾਤੇ ਲੋਕਾਂ ਨੇ ਸਕੂਲ 'ਤੇ ਹਮਲਾ ਕਰਕੇ ਪ੍ਰਿੰਸੀਪਲ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕੀਤਾ ਹੈ। ਗੌਰ ਹੋਵੇ ਕਿ ਗੁਰਚਰਨ ਸਿੰਘ ਮੁਲਤਾਨੀ ਇਸ ਤੋਂ ਪਹਿਲਾਂ ਕਾਫੀ ਦੇਰ ਤਕ ਕਪੂਰਥਲਾ ਦੇ ਸਿੱਖਿਆ ਅਧਿਕਾਰੀ (ਐਲੀ.) ਦੇ ਤੌਰ 'ਤੇ ਕੰਮ ਕਰ ਚੁੱਕੇ ਹਨ।