ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪੁਲਸ ਤੇ ਬੇਰੋਜ਼ਗਾਰ ਅਧਿਆਪਕਾਂ ਵਿਚਕਾਰ ਧੱਕਾ-ਮੁੱਕੀ, ਇਕ ਦੀ ਲੱਥੀ ਪੱਗ

09/16/2019 12:33:31 AM

ਸੰਗਰੂਰ (ਬੇਦੀ, ਹਰਜਿੰਦਰ)-ਪਿਛਲੇ ਦੋ ਹਫਤਿਆਂ ਤੋਂ ਧਰਨਿਆਂ-ਮੁਜ਼ਾਹਰਿਆਂ ਦਾ ਗੜ੍ਹ ਬਣੇ ਸੰਗਰੂਰ ਵਿਖੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਦੇ ਬਾਵਜੂਦ ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਰੋਪੜ ਜੇਲ ਭੇਜੇ 13 ਸਾਥੀਆਂ ਦੀ ਰਿਹਾਈ, 15000 ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਵਾਉਣ, 55 ਫੀਸਦੀ ਅੰਕਾਂ ਵਾਲੀ ਸ਼ਰਤ ਰੱਦ ਕਰਵਾਉਣ, ਐਕਸਟੈਨਸ਼ਨ ਨੀਤੀ ਰੱਦ ਕਰਵਾਉਣ ਅਤੇ ਉਮਰ ਹੱਦ ਦੀ ਸ਼ਰਤ ਵਧਾਉਣ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਰੋਸ-ਮੁਜ਼ਾਹਰਾ ਕੀਤਾ ਗਿਆ।

ਸਿੱਖਿਆ ਮੰਤਰੀ ਦੀ ਕੋਠੀ ਪਹੁੰਚਣ ਤੋਂ ਪਹਿਲਾਂ ਪ੍ਰਸ਼ਾਸਨ ਬੇਰੋਜ਼ਗਾਰ ਅਧਿਆਪਕਾਂ ਨੂੰ ਮੀਟਿੰਗਾਂ ਕਰਵਾਉਣ ਦਾ ਭਰੋਸਾ ਦਿੰਦਾ ਰਿਹਾ ਪਰ ਲਿਖਤੀ ਤੌਰ 'ਤੇ ਮੀਟਿੰਗ ਦੇਣ ਦੀ ਮੰਗ 'ਤੇ ਅੜੇ ਅਧਿਆਪਕਾਂ ਨੇ ਕੋਠੀ ਮੂਹਰੇ ਪਹੁੰਚਦਿਆਂ ਬੈਰੀਕੇਡਿੰਗ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹੋਈ ਧੱਕਾ-ਮੁੱਕੀ 'ਚ ਇਕ ਅਧਿਆਪਕ ਕੁਲਵੰਤ ਲੌਂਗੋਵਾਲ ਦੀ ਪੱਗ ਲੱਥ ਗਈ, ਜਿਸ ਦੌਰਾਨ ਸਥਿਤੀ ਤਣਾਅਪੂਰਨ ਬਣ ਗਈ। ਬੇਰੋਜ਼ਗਾਰ ਨੌਜਵਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਸਤਪਾਲ ਸ਼ਰਮਾ ਨੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕਰਵਾਇਆ।

ਡੀ. ਐੱਸ. ਪੀ. ਸਤਪਾਲ ਸ਼ਰਮਾ ਵੱਲੋਂ ਬੇਰੋਜ਼ਗਾਰ ਬੀ. ਐੱਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਫੌਰੀ ਮੀਟਿੰਗ ਰੈਸਟ ਹਾਊਸ 'ਚ ਕਰਵਾਈ ਗਈ, ਮੰਤਰੀ ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ 25 ਸਤੰਬਰ ਤੱਕ ਉਹ ਪੈਨਲ ਮੀਟਿੰਗ ਕਰਨਗੇ ਪਰ ਅਧਿਆਪਕਾਂ ਨੇ ਮੀਟਿੰਗ ਨੂੰ ਬੇਸਿੱਟਾ ਕਰਾਰ ਦਿੱਤਾ। ਅਧਿਆਪਕਾਂ ਵੱਲੋਂ ਧਰਨੇ 'ਚ ਪਹੁੰਚ ਕੇ ਬੈਰੀਕੇਡਿੰਗ ਚੁੱਕਣ ਅਤੇ ਫਿਰ ਬਰਨਾਲਾ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ, ਜਿਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਦੀਪਕ ਮਹਿੰਦਰੂ ਨੇ ਧਰਨੇ 'ਚ ਐਲਾਨ ਕੀਤਾ ਕਿ ਭਲਕੇ 10 ਵਜੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਉਹ ਮੀਟਿੰਗ ਸਬੰਧੀ ਲਿਖਤੀ ਪੱਤਰ ਸੌਂਪਣਗੇ। ਹੁਣ ਡੀ. ਸੀ. ਦਫ਼ਤਰ ਵਾਲਾ ਪੱਕਾ ਧਰਨਾ ਜਾਰੀ ਹੈ।

ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਬੇਰੋਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਗ੍ਰਿਫਤਾਰ ਅਧਿਆਪਕਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਨੇ ਧਰਨੇ-ਮੁਜ਼ਾਹਰਿਆਂ ਦੇ ਬਾਵਜੂਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਸਿਰਫ਼ ਬਿਆਨ ਦੇ ਰਹੇ ਨੇ, ਉਨ੍ਹਾਂ ਧਰਨੇ 'ਚ ਆ ਕੇ ਗੱਲ ਕਰਨੀ ਵੀ ਉਚਿਤ ਨਹੀਂ ਸਮਝੀ।

ਪ੍ਰਦਰਸ਼ਨ ਦੌਰਾਨ ਸਮਰਥਨ ਲਈ ਪਹੁੰਚੀਆਂ ਦਰਜਨਾਂ ਜਥੇਬੰਦੀਆਂ 'ਚੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਦਵਿੰਦਰ ਪੂਨੀਆ, ਜਰਮਨਜੀਤ ਸਿੰਘ, ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਅਤਿੰਦਰਪਾਲ ਘੱਗਾ, ਅਧਿਆਪਕ ਸੰਘਰਸ਼ ਕਮੇਟੀ ਦੇ ਦੇਵੀ ਦਿਆਲ, ਆਰਟ ਐਂਡ ਕਰਾਫ਼ਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਝੁਨੀਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲੱਖੀ ਲੌਂਗੋਵਾਲ, ਵਿਮਲਾ ਰਾਣੀ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਤਾਰਾ ਚੰਦ, ਸੀ. ਪੀ. ਆਈ.-ਐੱਮ. ਐੱਲ. ਪੰਜਾਬ ਦੇ ਜ਼ਿਲਾ ਸਕੱਤਰ ਕਾਮਰੇਡ ਊਧਮ ਸਿੰਘ ਸੰਤੋਖਪੁਰਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਸੁਖਵੀਰ ਸਿੰਘ ਪਹਾੜਪੁਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਤੋਂ ਸਰਦਾਰ ਮਾਲਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਅਕੋਈ, ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਾਥੀ ਜਸਵਿੰਦਰ ਸਿੰਘ ਸਮਾਣਾ ਅਤੇ ਸਤਵੰਤ ਸਿੰਘ ਆਲਮਪੁਰ, ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਜੋਤਿੰਦਰ ਜੋਤੀ, ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਟੈੱਟ ਪਾਸ ਬੇਰੋਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਨਜੀਤ ਕੌਰ ਪਟਿਆਲਾ, ਯੁੱਧਜੀਤ ਬਠਿੰਡਾ, ਹਰਦੀਪ ਫਾਜ਼ਿਲਕਾ, ਪਲਵਿੰਦਰ ਫਿਰੋਜ਼ਪੁਰ, ਦਿਲਬਾਗ ਮੁਕਤਸਰ, ਬਲਕਾਰ ਮੰਘਾਣੀਆਂ, ਸੰਦੀਪ ਗਿੱਲ, ਨਵਜੀਵਨ ਸਿੰਘ, ਕੁਲਵਿੰਦਰ ਲੁਧਿਆਣਾ, ਸੁਖਚੈਨ ਅੰਮ੍ਰਿਤਸਰ, ਬਾਜ਼ ਸਿੰਘ ਮੋਗਾ ਹਾਜ਼ਰ ਸਨ।

Karan Kumar

This news is Content Editor Karan Kumar