ਸਾਲ ਦੇ ਆਖ਼ਰੀ ਦਿਨ ਵੀ ਪੰਜਾਬ ''ਚ ਬੇਰੋਜ਼ਗਾਰ ਅਧਿਆਪਕ ਸੜਕਾਂ ''ਤੇ ਉਤਰੇ

12/31/2019 8:14:21 PM

ਚੰਡੀਗੜ੍ਹ,(ਭੁੱਲਰ)- ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੋਜ਼ਗਾਰ ਈ. ਟੀ. ਟੀ. ਅਤੇ ਬੀ. ਐੱਡ ਅਧਿਆਪਕ ਅੱਜ ਸਾਲ 2019 ਦੇ ਆਖਰੀ ਦਿਨ ਵੀ ਸੜਕਾਂ 'ਤੇ ਉਤਰੇ। ਰਾਜ ਭਰ 'ਚ ਹੋਏ ਇਨ੍ਹਾਂ ਬੇਰੋਜ਼ਗਾਰਾਂ ਦੇ ਰੋਸ ਮੁਜ਼ਾਹਰਿਆਂ ਦਾ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲ਼ਾਜ਼ਮ ਜਥੇਬੰਦੀਆਂ ਨੇ ਵੀ ਸਮਰਥਨ ਕੀਤਾ। ਬੇਰੋਜ਼ਗਾਰ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਪੁਤਲੇ ਫੂਕੇ ਗਏ।
ਇਸ ਦੌਰਾਨ ਬੇਰੋਜ਼ਗਾਰ ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਵਾਅਦੇ ਮੁਤਾਬਕ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਪੰਜਾਬ ਭਰ 'ਚ ਖ਼ਾਲੀ ਪਈਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਤਾਂ ਨਵੇਂ ਸਾਲ 'ਚ 12 ਜਨਵਰੀ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਅੱਜ ਵੱਖ-ਵੱਖ ਜ਼ਿਲਿਆਂ 'ਚ ਹੋਏ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰਨ ਵਾਲੇ ਬੇਰੋਜ਼ਗਾਰ ਅਧਿਆਪਕ ਆਗੂਆਂ 'ਚ ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਅਤੇ ਈ.ਟੀ.ਟੀ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ, ਸੂਬਾਈ ਆਗੂ ਦੀਪ ਬਨਾਰਸੀ, ਗੁਰਜੰਟ ਸਿੰਘ, ਮਨੀ ਸੰਗਰੂਰ ਆਦਿ ਦੇ ਨਾਂ ਜ਼ਿਕਰਯੋਗ ਹਨ।