ਪਿਆਕੜਾਂ ਲਈ ਅਹਿਮ ਖ਼ਬਰ, ਨਵੀਂ ਐਕਸਾਈਜ਼ ਪਾਲਿਸੀ ਤਹਿਤ ਵੱਧਣਗੇ ਸ਼ਰਾਬ ਦੇ ਰੇਟ

03/13/2023 6:41:07 PM

ਜਲੰਧਰ (ਪੁਨੀਤ)-ਸਰਕਾਰ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਨ ਸ਼ਰਾਬ ਦੀਆਂ ਕੀਮਤਾਂ ’ਚ 15-20 ਫ਼ੀਸਦੀ ਤੱਕ ਵਾਧਾ ਹੋਣਾ ਤੈਅ ਹੈ। ਜ਼ਿਲ੍ਹੇ ਵਿਚ ਹੋਣ ਵਾਲੀ ਵਿਕਰੀ ਨਾਲ ਸ਼ਰਾਬ ਦੇ ਸ਼ੌਕੀਨਾਂ ’ਤੇ 80 ਕਰੋੜ ਤੋਂ ਵੱਧ ਦਾ ਬੋਝ ਪਵੇਗਾ। ਰੁਟੀਨ ਵਿਚ 500 ਤੋਂ 800 ਰੁਪਏ ਵਿਚ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀ ਇਕ ਬੋਤਲ ਵਿਚ 100-150 ਰੁਪਏ, ਜਦਕਿ ਸਕਾਚ ਦੀ ਬੋਤਲ ਦੀ ਕੀਮਤ ਵਿਚ 500 ਰੁਪਏ ਜਾਂ ਇਸ ਤੋਂ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਥੇ ਹੀ, ਦੇਸੀ ਸ਼ਰਾਬ ਦੇ ਭਾਅ 50 ਤੋਂ 70 ਰੁਪਏ ਤਕ ਵਧ ਜਾਣਗੇ।

ਸਰਕਾਰ ਨੇ ਪੁਰਾਣੀ ਪਾਲਿਸੀ ਵਿਚ ਸੋਧ ਕਰ ਕੇ ਕੀਮਤਾਂ ਵਿਚ 12 ਫ਼ੀਸਦੀ ਵਾਧਾ ਕੀਤਾ ਹੈ। ਇਸ ਕਾਰਨ ਪਿਛਲੀ ਵਾਰ ਦੀ 565 ਕਰੋੜ ਦੀ ਰਾਖਵੀਂ ਕੀਮਤ ਵਿਚ 65 ਤੋਂ 70 ਕਰੋੜ ਰੁਪਏ ਦਾ ਵਾਧਾ ਹੋਵੇਗਾ, ਜਿਸ ਨਾਲ ਸਰਕਾਰ ਨੂੰ 20 ਗਰੁੱਪਾਂ ਦੀ 630 ਕਰੋੜ ਤੋਂ ਵੱਧ ਆਮਦਨ ਹੋਵੇਗੀ। ਨਵੀਂ ਪਾਲਿਸੀ ਤਹਿਤ ਮੰਗਲਵਾਰ ਤਕ ਗਰੁੱਪਾਂ ਨੂੰ ਰੀਨਿਊ ਕਰਨ ਸਬੰਧੀ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਸ ’ਤੇ ਕੰਮ ਸ਼ੁਰੂ ਹੋਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਪਾਲਿਸੀ ਨਾਲ ਜ਼ਿਲ੍ਹੇ ਨਾਲ ਸਬੰਧਤ ਸ਼ਰਾਬ ਦੇ ਠੇਕੇਦਾਰਾਂ ’ਤੇ 65-70 ਕਰੋੜ ਦਾ ਬੋਝ ਪਵੇਗਾ, ਜਿਸ ਕਾਰਨ ਉਹ ਖਰਚ ਦੇ ਮੁਕਾਬਲੇ ਸ਼ਰਾਬ ਦੇ ਭਾਅ ਵਿਚ ਜ਼ਿਆਦਾ ਵਾਧਾ ਕਰਨਗੇ। ਇਸ ਨਾਲ ਸ਼ਰਾਬ ਦੇ ਸ਼ੌਕੀਨਾਂ ’ਤੇ ਘੱਟ ਤੋਂ ਘੱਟ 80 ਕਰੋੜ ਦਾ ਵਾਧੂ ਬੋਝ ਪਵੇਗਾ। ਪਾਲਿਸੀ ਤਹਿਤ ਜ਼ਿਲ੍ਹੇ ਵਿਚ 20 ਗਰੁੱਪ ਹੋਣਗੇ, ਜਿਨ੍ਹਾਂ ਵਿਚੋਂ ਨਗਰ ਨਿਗਮ ਦੀ ਹੱਦ ਅੰਦਰ 13, ਜਦਕਿ 7 ਗਰੁੱਪ ਦਿਹਾਤੀ ਇਲਾਕਿਆਂ ਲਈ ਹੋਣਗੇ। ਸ਼ਹਿਰੀ ਅਤੇ ਦਿਹਾਤੀ ਨੂੰ ਮਿਲਾ ਕੇ ਕੁੱਲ 640 ਠੇਕਿਆਂ ਰਾਹੀਂ ਜ਼ਿਲ੍ਹੇ ਵਿਚ ਸ਼ਰਾਬ ਦੀ ਵਿਕਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਚਾਟ ਖਾਂਦਿਆਂ ਔਰਤ ਨੇ ਪੱਟਿਆ ਮੁੰਡਾ, ਫਿਰ ਅਮਰੀਕਾ ਦੇ ਵਿਖਾਏ ਸੁਫ਼ਨੇ, ਜਦ ਸੱਚ ਆਇਆ ਸਾਹਮਣੇ ਉੱਡੇ ਮੁੰਡੇ ਦੇ ਹੋਸ਼

ਵਿਭਾਗ ਨੇ ਠੇਕਿਆਂ ਦੀ ਰਾਖਵੀਂ ਕੀਮਤ ਵਧਾ ਦਿੱਤੀ ਹੈ, ਜਿਸ ਕਾਰਨ ਠੇਕੇਦਾਰਾਂ ਕੋਲ ਸ਼ਰਾਬ ਦੀਆਂ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਬਦਲ ਬਾਕੀ ਨਹੀਂ ਬਚਿਆ। ਭਾਅ ਵਿਚ ਵਾਧੇ ਨਾਲ ਸ਼ਰਾਬ ਦੇ ਸ਼ੌਕੀਨਾਂ ਦੀਆਂ ਉਮੀਦਾਂ ਨੂੰ ਝਟਕਾ ਲੱਗੇਗਾ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਪਾਲਿਸੀ ਵਿਚ ਕੁਝ ਵੱਡੇ ਬਦਲਾਅ ਕੀਤੇ ਜਾਣਗੇ ਤਾਂ ਜੋ ਸ਼ਰਾਬ ਸਸਤੀ ਹੋ ਸਕੇ ਪਰ ਅਜਿਹਾ ਨਹੀਂ ਹੋ ਸਕਿਆ। ਉਮੀਦਾਂ ਦੇ ਉਲਟ ਭਾਅ ਵਧ ਰਹੇ ਹਨ ਜੋਕਿ 1 ਅਪ੍ਰੈਲ ਨੂੰ ਨਵੀਂ ਪਾਲਿਸੀ ਦੇ ਲਾਗੂ ਹੁੰਦੇ ਹੀ ਵਧ ਜਾਣਗੇ। ਪਿਛਲੇ ਸਾਲ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਐਕਸਾਈਜ਼ ਪਾਲਿਸੀ 9 ਮਹੀਨਿਆਂ ਲਈ ਲਿਆਂਦੀ ਗਈ ਸੀ। ਇਸ ਵਾਰ 1 ਸਾਲ ਲਈ ਆਉਣ ਵਾਲੀ ਪਾਲਿਸੀ ਵਿਚ ਭਾਅ ਨੂੰ ਲੈ ਕੇ ਜੋ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ, ਉਨ੍ਹਾਂ ’ਤੇ ਰੋਕ ਲੱਗ ਗਈ ਹੈ ਅਤੇ ਭਾਅ ਵਧਣੇ ਤੈਅ ਹੈ।

ਸ਼ੁਰੂ ਹੋਵੇਗਾ ਪੁਰਾਣੇ ਭਾਅ ’ਤੇ ਸਟਾਕ ਕਰਨ ਦਾ ਸਿਲਸਿਲਾ
ਲੋਕਾਂ ਨੂੰ ਅਜੇ ਨਵੀਂ ਪਾਲਿਸੀ ਦੀ ਮਨਜ਼ੂਰੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਨਹੀਂ ਮਿਲੀ ਹੈ, ਨਹੀਂ ਤਾਂ ਲੋਕਾਂ ਨੇ ਭਾਅ ਵਧਣ ਤੋਂ ਪਹਿਲਾਂ ਹੀ ਸ਼ਰਾਬ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੁੰਦਾ। ਇਹ ਗੱਲਾਂ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਠੇਕੇਦਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਉਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗੇਗਾ, ਤਾਂ ਸਟਾਕ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਠੇਕਿਆਂ ’ਤੇ ਫਿਲਹਾਲ ਕੋਈ ਖ਼ਾਸ ਹਿਲ-ਜੁਲ ਵੇਖਣ ਨੂੰ ਨਹੀਂ ਮਿਲ ਰਹੀ। ਠੇਕਿਆਂ ’ਤੇ ਬੈਠੇ ਕਰਿੰਦੇ ਵੀ ਇਸ ਬਾਰੇ ਅਜੇ ਤੱਕ ਚੁੱਪ ਹਨ, ਕਿਉਂਕਿ ਇਹ ਸਟਾਕ ਅਗਲੇ ਸਾਲ ਵਿਚ ਸ਼ਿਫਟ ਹੋਣ ’ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ: ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ ਨਿਕਲ ਗਿਆ ਘਰੋਂ, 7 ਦਿਨ ਮਗਰੋਂ ਵੀ ਨਹੀਂ ਲੱਗਾ ਥਹੁ-ਪਤਾ, ਮਾਪੇ ਪਰੇਸ਼ਾਨ

ਸ਼ਹਿਰ ਦੀ ਹੱਦ ਦੇ 13, ਦਿਹਾਤੀ ਦੇ ਹੋਣਗੇ 8 ਗਰੁੱਪ
ਗਰੁੱਪਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਜਲੰਧਰ-ਈਸਟ ਅਧੀਨ ਪੈਂਦੇ ਰਾਮਾ ਮੰਡੀ ਗਰੁੱਪ ’ਚ 22 ਠੇਕੇ, ਲੰਮਾ ਪਿੰਡ ਦੇ 20, ਸੋਢਲ ਚੌਕ ਦੇ 19, ਰੇਲਵੇ ਸਟੇਸ਼ਨ ਦੇ 21 ਅਤੇ ਜੋਤੀ ਚੌਂਕ ਦੇ 21 ਠੇਕੇ ਕੰਮ ਕਰਨਗੇ। ਜਲੰਧਰ ਵੈਸਟ-ਏ ਦੇ ਪਰਾਗਪੁਰ ਵਾਲੇ ਗਰੁੱਪ ਵਿਚ 27 ਠੇਕੇ, ਬੱਸ ਸਟੈਂਡ ’ਚ 17, ਮਾਡਲ ਟਾਊਨ ’ਚ 17 ਅਤੇ ਮਾਡਲ ਹਾਊਸ ਵਿਚ 26 ਠੇਕੇ ਹਨ। ਦੂਜੇ ਪਾਸੇ ਜਲੰਧਰ ਵੈਸਟ-ਬੀ ਦੇ ਅਵਤਾਰ ਨਗਰ ਦੇ 30 ਠੇਕੇ, ਲੈਦਰ ਕੰਪਲੈਕਸ ਵਿਚ 25 ਅਤੇ ਮਕਸੂਦਾਂ ਵਿਚ 20 ਠੇਕੇ ਕੰਮ ਕਰਨਗੇ। ਦੂਜੇ ਪਾਸੇ ਦਿਹਾਤੀ ਦੇ 358 ਠੇਕਿਆਂ ਨੂੰ 7 ਗਰੁੱਪਾਂ ਵਿਚ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ : NRI ਪ੍ਰਦੀਪ ਸਿੰਘ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਮੁਲਜ਼ਮ ਸਤਬੀਰ ਦੀ ਪਤਨੀ ਨੇ ਨਿਹੰਗ ਸਿੰਘ 'ਤੇ ਲਾਏ ਵੱਡੇ ਦੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri