ਲੁਧਿਆਣਾ ਜ਼ਿਲ੍ਹੇ 'ਚ ਬੇਕਾਬੂ ਹੋਇਆ ਕੋਰੋਨਾ, 7 ਮਰੀਜ਼ਾਂ ਦੀ ਮੌਤ ਤੇ 60 ਨਵੇਂ ਮਾਮਲਿਆਂ ਦੀ ਪੁਸ਼ਟੀ

07/29/2020 10:45:28 PM

ਲੁਧਿਆਣਾ,(ਸਹਿਗਲ)- ਬੇਕਾਬੂ ਕੋਵਿਡ-19 ਦੇ ਵਾਇਰਸ ਦੀ ਲਪੇਟ ’ਚ ਆ ਕੇ ਅੱਜ 7 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 60 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 53 ਮਰੀਜ਼ ਜ਼ਿਲੇ ਦੇ, ਜਦੋਂਕਿ 7 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ, ਜੋ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਏ ਸੀ।

ਹੁਣ ਤੱਕ ਵਾਇਰਸ ਕਾਰਨ 81 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 2886 ਵਿਅਕਤੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਜਿਨ੍ਹਾਂ ਮ੍ਰਿਤਕ ਮਰੀਜ਼ਾਂ ਦੀ ਸਿਹਤ ਵਿਭਾਗ ਨੇ ਅੱਜ ਪੁਸ਼ਟੀ ਕੀਤੀ ਹੈ, ਉਨ੍ਹਾਂ ਵਿਚ ਸਿਵਲ ਹਸਪਤਾਲ ਦੇ 3 ਮਰੀਜ਼ ਸ਼ਾਮਲ ਹਨ, ਜਿਨ੍ਹਾਂ ਵਿਚ 62 ਸਾਲਾ ਮਰੀਜ਼ ਗਾਂਧੀ ਕਾਲੋਨੀ ਦਾ ਰਹਿਣ ਵਾਲਾ, ਦੂਜਾ 42 ਸਾਲਾ ਮੈੜ ਦੀ ਚੱਕੀ ਨੇੜੇ ਦਾ ਰਹਿਣ ਵਾਲਾ ਅਤੇ ਤੀਜਾ 55 ਸਾਲਾ ਔਰਤ ਚੇਤ ਸਿੰਘ ਨਗਰ ਦੀ ਰਹਿਣ ਵਾਲੀ ਸੀ। ਇਸ ਤੋਂ ਇਲਾਵਾ 62 ਸਾਲਾ ਔਰਤ ਹਜ਼ੂਰੀ ਬਾਗ ਦੀ ਰਹਿਣ ਵਾਲੀ ਸੀ, ਜੋ ਦਯਾਨੰਦ ਹਸਪਤਾਲ ਵਿਚ ਭਰਤੀ ਸੀ। 68 ਸਾਲਾ ਮਰੀਜ਼ ਦਰੇਸੀ ਰੋਡ ਦਾ ਰਹਿਣ ਵਾਲਾ ਅਤੇ ਓਸਵਾਲ ਹਸਪਤਾਲ ’ਚ ਦਾਖਲ ਸੀ। ਇਸੇ ਤਰ੍ਹਾਂ 73 ਸਾਲਾ ਮਰੀਜ਼ ਦੁੱਗਰੀ ਦਾ ਰਹਿਣ ਵਾਲਾ ਸੀ ਅਤੇ 7ਵਾਂ 24 ਸਾਲਾ ਨੌਜਵਾਨ ਮਰੀਜ਼ ਸੜਕ ਦੁਰਘਟਨਾ ’ਚ ਜ਼ਖਮੀ ਹੋ ਕੇ ਸੀ. ਐੱਮ. ਸੀ. ਹਸਪਤਾਲ ’ਚ ਭਰਤੀ ਹੋਇਆ ਸੀ। ਜਾਂਚ ਵਿਚ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ।

ਕੱਲ ਵੀ ਬੰਦ ਰਹੇਗਾ ਜੀ. ਐੱਸ. ਟੀ. ਭਵਨ

17 ਤਰੀਕ ਨੂੰ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਖ ਆ ਕੇ ਜੀ. ਐੱਸ. ਟੀ. ਵਿਭਾਗ ਦੇ ਸਹਾਇਕ ਕਮਿਸ਼ਨਰ ਕੋਰੋਨਾ ਪਾਜ਼ੇਟਿਵ ਆ ਗਏ, ਜਿਸ ’ਤੇ ਜੀ. ਐੱਸ. ਟੀ. ਭਵਨ ਨੂੰ 2 ਦਿਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਤਹਿਤ ਜ਼ਿਲਾ ਲੁਧਿਆਣਾ ਵਿਚ ਕੋਵਿਡ-19 ਬੀਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜ਼ਿਲੇ ਵਿਚ 884 ਪਾਜ਼ੇਟਿਵ ਮਰੀਜ਼ ਹਨ।

60,384 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ

ਡੀ. ਸੀ. ਨੇ ਦੱਸਿਆ ਕਿ ਹੁਣ ਤੱਕ ਕੁੱਲ 60,834 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 59,347 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ। ਇਸ ਵਿਚ 56,044 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

1037 ਰਿਪੋਰਟਾਂ ਦਾ ਹੈ ਇੰਤਜ਼ਾਰ

ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ’ਚੋਂ 1037 ਵਿਕਅਤੀਆਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਸਿਵਲ ਸਰਜਨ ਮੁਤਾਬਕ ਇਸ ਦੇ ਨਤੀਜੇ ਜਲਦ ਮਿਲ ਜਾਣ ਦੀ ਸੰਭਾਵਨਾ ਹੈ।

317 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 317 ਵਿਅਕਤੀਆਂ ਨੂੰ ਜਾਂਚ ਉਪਰੰਤ ਹੋਮ ਆਈਸੋਲੇਸ਼ਨ ਵਿਚ ਭੇਜ ਦਿੱਤਾ ਹੈ। ਹੁਣ ਤੱਕ ਜ਼ਿਲੇ ’ਚ 21,045 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ। ਜਦੋਂਕਿ ਮੌਜੂਦਾ ਸਮੇਂ ਵਿਚ 3975 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

954 ਸ਼ੱਕੀ ਮਰੀਜ਼ ਆਏ ਸਾਹਮਣੇ

ਸਿਹਤ ਵਿਭਾਗ ਵੱਲੋਂ ਅੱਜ 954 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੰਨਦੇ ਹੋਏ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ, ਜਿਸ ਦੀ ਅਪੀਲ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੀਤੀ ਜਾਂਦੀ ਹੈ।

Bharat Thapa

This news is Content Editor Bharat Thapa