ਕੈਪਟਨ ਨਾਲ ਟਰੂਡੋ ਦੀ ਮੀਟਿੰਗ ਨੂੰ ਲੈ ਕੇ ਅਨਿਸ਼ਚਿਤਤਾ, ਏਅਰਪੋਰਟ ''ਤੇ ਕਰ ਸਕਦੇ ਹਨ ਰਸਮੀ ਸਵਾਗਤ

02/18/2018 12:30:56 AM

ਚੰਡੀਗੜ੍ਹ (ਭੁੱਲਰ)— ਪੰਜਾਬ ਦੌਰੇ ਸਮੇਂ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੇ ਜਸਟਿਸ ਟਰੂਡੋ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ। ਜਸਟਿਨ ਟਰੂਡੋ ਹਰਿਮੰਦਰ ਸਾਹਿਬ ਆਉਣ ਵਾਲੇ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ ਹਨ, ਇਸ ਤੋਂ ਪਹਿਲਾਂ 2003 ਜੀਨ ਕ੍ਰਿਟੀਨ ਤੇ 2013 ਵਿਚ ਸਟੀਫਨ ਹਾਰਪਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਟਰੂਡੋ ਅੱਜ ਭਾਰਤ ਦੌਰੇ 'ਤੇ ਆਪਣੇ ਸਹਿਯੋਗੀ ਮੰਤਰੀਆਂ ਤੇ ਉਚ ਪੱਧਰੀ ਡੈਲੀਗੇਸ਼ਨ ਸਮੇਤ ਪਹੁੰਚੇ ਚੁੱਕੇ ਹਨ ਤੇ ਉਨ੍ਹਾਂ ਨੂੰ ਪੰਜਾਬ ਦੌਰੇ 'ਤੇ 21 ਫਰਵਰੀ ਨੂੰ ਆਉਣਾ ਹੈ।
ਸ਼ਡਿਊਲ ਵਿਚ ਨਹੀਂ ਕੈਪਟਨ ਨਾਲ ਮੀਟਿੰਗ ਦਾ ਜ਼ਿਕਰ
ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦਾ ਪਿਛਲੇ ਸਾਲ ਪੰਜਾਬ ਪਹੁੰਚਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਸ ਨੂੰ ਖਾਲਿਸਤਾਨੀ ਦੱਸ ਕੇ ਵਿਰੋਧ ਕੀਤੇ ਜਾਣ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਦੌਰਾ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਵਿਸ਼ੇਸ਼ ਤੌਰ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਭ ਨਜ਼ਰਾਂ ਟਰੂਡੋ ਦੇ ਅੰਮ੍ਰਿਤਸਰ ਪਹੁੰਚਣ 'ਤੇ ਲੱਗੀਆਂ ਹੋਈਆਂ ਹਨ। ਭਾਵੇਂ ਕੈਨੇਡਾ ਦੇ ਮੰਤਰੀ ਸੱਜਣ ਨੇ ਪਿਛਲੇ ਦਿਨੀਂ ਇਕ ਬਿਆਨ ਦੇ ਕੇ ਖਾਲਿਸਤਾਨ ਸਮਰਥਕ ਨਾ ਹੋਣ ਦੀ ਗ਼ੱਲ ਆਖੀ ਸੀ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਸੀ ਕਿ ਜਸਟਿਸ ਟਰੂਡੋ ਦਾ ਪੰਜਾਬ ਦੌਰਾ ਆਪਸੀ ਸਬੰਧਾਂ ਨੂੰ ਵਧਾਉਣ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਨੇ ਜਸਟਿਨ ਟਰੂਡੋ ਦੇ ਪੰਜਾਬ ਪਹੁੰਚਣ 'ਤੇ ਨਿੱਘਾ ਸਵਾਗਤ ਕਰਨ ਦੀ ਗੱਲ ਵੀ ਆਖੀ ਸੀ। ਪਰੰਤੂ, ਕੈਨੇਡਾ ਦੇ ਮੀਡੀਆ 'ਚ ਜਸਟਿਨ ਟਰੂਡੋ ਵਲੋਂ ਕੈਪਟਨ ਨੂੰ ਨਾ ਮਿਲਣ ਦੀਆਂ ਰਿਪੋਰਟਾਂ ਛਪਣ ਤੋਂ ਬਾਅਦ ਰਾਜ ਦੇ ਸਿਆਸੀ ਹਲਕਿਆਂ ਵਿਚ ਨਵੇਂ ਚਰਚੇ ਜਨਮ ਲੈ ਰਹੇ ਹਨ। ਕੈਨੇਡਾ ਸਰਕਾਰ ਵਲੋਂ ਰਾਜ ਸਰਕਾਰ ਨੂੰ ਕੋਈ ਸਪੱਸ਼ਟ ਸ਼ਡਿਊਲ ਪ੍ਰਾਪਤ ਨਾ ਹੋਣ ਕਾਰਨ ਹਾਲੇ ਵੀ ਕੈ. ਅਮਰਿੰਦਰ ਸਿੰਘ ਅਤੇ ਟਰੂਡੋ ਵਿਚਕਾਰ ਮੀਟਿੰਗ ਦੇ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਅਨਿਸ਼ਚਤਤਾ ਬਣੀ ਹੋਈ ਹੈ। 
ਏਅਰਪੋਰਟ 'ਤੇ ਸੱਭਿਆਚਾਰਕ ਪ੍ਰੋਗਰਾਮ ਨਾਲ ਸਵਾਗਤ ਦੀ ਹਿਦਾਇਤ 
ਕੇਂਦਰੀ ਵੇਦਸ਼ੀ ਮੰਤਰਾਲੇ ਦੇ ਪ੍ਰੋਟੋਕੋਲ ਵਿਭਾਗ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਭੇਜੇ ਗਏ ਸ਼ਡਿਊਲ ਵਿਚ ਵੀ ਸਿਰਫ਼ ਟਰੂਡੋ ਦੇ ਹਰਿਮੰਦਰ ਸਾਹਿਬ ਪਹੁੰਚਣ ਦਾ ਹੀ ਜ਼ਿਕਰ ਹੈ। ਇਸ ਤੋਂ ਇਲਾਵਾ ਜ਼ਿਲਾ ਅਧਿਕਾਰੀਆ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਜਸਟਿਨ ਟਰੂਡੋ ਤੇ ਡੈਲੀਗੇਸ਼ਨ ਦੇ ਮੈਂਬਰਾਂ ਦਾ ਰੈਡ ਕਾਰਪਟ ਸਵਾਗਤ ਕਰਨ ਵਿਸ਼ੇਸ਼ ਤੌਰ 'ਤੇ 'ਚ ਸੱਭਿਆਚਾਰਕ ਪ੍ਰੋਗਰਾਮ ਕਰਨ ਦੀ ਹਿਦਾਇਤ ਕੀਤੀ ਗਈ ਹੈ। ਭਾਰਤ ਸਰਕਾਰ ਵਲੋਂ ਸਵਾਗਤ ਵਿਚ ਜੋ ਸੈਂਪਲ ਬੈਨਰ ਭੇਜੇ ਗਏ ਹਨ, ਉਨ੍ਹਾਂ ਵਿਚ ਸਿਰਫ਼ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਹੀ ਸ਼ਾਮਲ ਹਨ। 

ਮੁੱਖ ਮੰਤਰੀ ਦਫ਼ਤਰ ਅਤੇ ਰਾਜ ਸਰਕਾਰ ਦੇ ਪ੍ਰੋਟੋਕੋਲ ਵਿਭਾਗ ਦੇ ਅਧਿਕਾਰੀ ਵੀ ਇਸ ਮੀਟਿੰਗ ਬਾਰੇ ਕੁੱਝ ਵੀ ਸਪੱਸ਼ਟ ਕਹਿਣ ਤੋਂ ਨਾਂਹ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਤੇ ਕੇਂਦਰੀ ਮੰਤਰਾਲੇ ਦਾ ਸ਼ਡਿਊਲ ਪ੍ਰਾਪਤ ਹੋਣ ਤੋਂ ਪਹਿਲਾਂ ਕੁੱਝ ਨਹੀਂ ਕਿਹਾ ਜਾ ਸਕਦਾ। ਪ੍ਰੋਟੋਕੋਲ ਦੇ ਨਿਯਮਾਂ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਪੰਜਾਬ ਪਹੁੰਚਣ 'ਤੇ ਉਨ੍ਹਾਂ ਦਾ ਰਾਜ ਦੇ ਮੁੱਖ ਮੰਤਰੀ ਵਲੋਂ ਸਵਾਗਤ ਕੀਤਾ ਜਾਣਾ ਬਣਦਾ ਹੈ। ਇਸ ਕਾਰਨ ਚਰਚਾ ਹੈ ਕਿ ਮੁੱਖ ਮੰਤਰੀ ਅੰਮ੍ਰਿਤਸਰ ਏਅਰਪੋਰਟ 'ਤੇ ਹੀ ਟਰੂਡੋ ਦਾ ਗੁਲਦਸਤੇ ਦੇ ਕੇ ਰਸਮੀ ਸਵਾਗਤ ਕਰਨਗੇ। ਪਰ, ਉਨ੍ਹਾਂ ਦੀ ਟਰੂਡੋ ਨਾਲ ਵਨ ਟੂ ਵਨ ਮੀਟਿੰਗ ਸੰਭਵ ਨਹੀਂ ਹੋ ਸਕੇਗੀ। 
ਦਿਲਚਸਪ ਹੋ ਸਕਦੀ ਹੈ ਟਰੂਡੋ ਦੇ ਪਹੁੰਚਣ 'ਤੇ ਸਥਿਤੀ
ਇਸ ਤਰ੍ਹਾਂ ਟਰੂਡੋ ਦੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਬਣਨ ਵਾਲੀ ਸਥਿਤੀ ਦਿਲਚਸਪ ਹੋ ਸਕਦੀ ਹੈ। ਟਰੂਡੋ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬੀ ਮੂਲ ਦੇ ਮੰਤਰੀ ਤੇ ਸਾਂਸਦ ਡੈਲੀਗੇਸ਼ਨ ਵਿਚ ਵਿਸੇਸ਼ ਤੌਰ 'ਤੇ ਸ਼ਾਮਲ ਹਨ। ਪੰਜਾਬੀ ਮੰਤਰੀਆਂ 'ਚ ਹਰਜੀਤ ਸਿੰਘ ਸੱਜਣ ਤੋਂ ਇਲਾਵਾ ਨਵਦੀਪ ਸਿੰਘ ਬੈਂਸ ਅਤੇ ਅਮਰਜੀਤ ਸਿੰਘ ਸੋਹੀ ਦੇ ਨਾਮ ਜ਼ਿਰਕਯੋਗ ਹਨ। ਹਰਿਮੰਦਰ ਸਾਹਿਬ ਪਹੁੰਚਣ 'ਤੇ ਐਸ.ਜੀ.ਪੀ.ਸੀ. ਵਲੋਂ ਟਰੂਡੋ ਦੇ ਸਵਾਗਤ ਲਈ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਮੇਟੀ ਦਾ ਲਾਹਾ ਲੈਂਦਿਆਂ ਅਕਾਲੀ ਦਲ ਦੇ ਪ੍ਰਧਾਨ ਤੇ ਕੁੱਝ ਹੋਰ ਆਗੂ ਵੀ ਕਮੇਟੀ ਪ੍ਰਧਾਨ ਦੇ ਨਾਲ ਪਹੁੰਚ ਸਕਦੇ ਹਨ।