ਡਰੇਨ ਨਾਲੇ ’ਚ ਡਿੱਗੇ ਦੋ ਨੌਜਵਾਨਾਂ ’ਚੋਂ ਇਕ ਦੀ ਗਈ ਜਾਨ, ਜੱਦੋ-ਜਹਿਦ ਮਗਰੋਂ ਮਿਲੀ ਲਾਸ਼

01/30/2023 6:49:28 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਲੰਘੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਸਥਾਨਕ ਆਦਮਪਾਲ ਰੋਡ ’ਤੇ ਸਥਿਤ ਤਾਰਾ ਕਾਨਵੈਂਟ ਸਕੂਲ ਦੇ ਪਿੱਛੇ ਲੰਘਦੇ ਗੰਦੇ ਪਾਣੀ ਦੇ ਡਰੇਨ ਨਾਲੇ ’ਚ ਮੋਟਰਸਾਈਕਲ ਸਮੇਤ ਡਿੱਗੇ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਜਤਿੰਦਰ ਸਿੰਘ ਨੂੰ ਜਿਥੇ ਨੇੜੇ ਹੀ ਸਥਿਤ ਸੀਵਰੇਜ ਡਿਸਪੋਜ਼ਲ ਵਿਖੇ ਤਾਇਨਾਤ ਮੁਲਾਜ਼ਮਾਂ ਨੇ ਮੋਟਰਸਾਈਕਲ ਸਮੇਤ ਦੇਰ ਸ਼ਾਮ ਬਾਹਰ ਕੱਢ ਲਿਆ ਸੀ, ਉਥੇ ਹੀ ਦੂਜੇ ਤਕਰੀਬਨ 27 ਸਾਲਾ ਨੌਜਵਾਨ ਮੁਹੰਮਦ ਸ਼ਮੀਮ ਪੁੱਤਰ ਮੁਹੰਮਦ ਸਲੀਮ ਵਾਸੀ ਬਾਲੋ ਬਸਤੀ ਅੰਦਰੂਨ ਕੇਲੋਂ ਗੇਟ ਦੀ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਨੂੰ 18 ਘੰਟਿਆਂ ਬਾਅਦ ਅੱਜ ਦੁਪਹਿਰੇ 12 ਵਜੇ ਦੇ ਕਰੀਬ ਭਾਰੀ ਜੱਦੋ-ਜਹਿਦ ਉਪਰੰਤ ਸੀਵਰੇਜ ਡਿਸਪੋਜ਼ਲ ਦੇ ਪਾਈਪ ’ਚੋਂ ਬਾਹਰ ਕੱਢਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਲਾਭਪਾਤਰੀ ਪਰਿਵਾਰਾਂ ਨੂੰ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR

ਮੌਕੇ ’ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਾਸਤਰੀ ਨਗਰ ਦਾ ਵਸਨੀਕ ਜਤਿੰਦਰ ਸਿੰਘ ਪੁੱਤਰ ਰਾਮ ਅਵਤਾਰ ਲੰਘੀ ਸ਼ਾਮ ਪੰਜ ਵਜੇ ਦੇ ਕਰੀਬ ਸਥਾਨਕ ਲੋਹਾ ਬਾਜ਼ਾਰ ਵਿਖੇ ਲੱਗਦੀ ਸੰਡੇ ਮਾਰਕੀਟ ’ਚੋਂ ਉਨ੍ਹਾਂ ਦੇ ਮ੍ਰਿਤਕ ਲੜਕੇ ਸ਼ਮੀਮ ਨੂੰ ਕਿਸੇ ਕੰਮ ਜਾਣ ਲਈ ਕਹਿ ਕੇ ਆਪਣੇ ਨਾਲ ਮੋਟਰਸਾਈਕਲ ’ਤੇ ਲੈ ਕੇ ਆਇਆ ਸੀ। ਤਾਰਾ ਸਕੂਲ ਦੇ ਪਿੱਛੇ ਆਦਮਪਾਲ ਰੋਡ ਵਾਲੇ ਰੋਡੇ ਡਰੇਨ ਪੁਲ ’ਤੇ ਮੋਟਰਸਾਈਕਲ ਚਾਲਕ ਜਤਿੰਦਰ ਸਿੰਘ ਦੀ ਕਥਿਤ ਗ਼ਲਤੀ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਉਹ ਦੋਵੇਂ ਮੋਟਰਸਾਈਕਲ ਸਮੇਤ ਡਰੇਨ ਗੰਦੇ ਨਾਲੇ ਦੇ ਮੈਨਹੋਲ ’ਚ ਜਾ ਡਿੱਗੇ ਸਨ। ਉਸ ਸਮੇਂ ਨੇੜੇ ਹੀ ਸਥਿਤ ਸੀਵਰੇਜ ਡਿਸਪੋਜ਼ਲ ਦੇ ਮੁਲਾਜ਼ਮਾਂ ਨੇ ਜਤਿੰਦਰ ਸਿੰਘ ਨੂੰ ਤਾਂ ਮੋਟਰਸਾਈਕਲ ਸਮੇਤ ਬਾਹਰ ਕੱਢ ਲਿਆ ਸੀ, ਜਦਕਿ ਮ੍ਰਿਤਕ ਮੁਹੰਮਦ ਸ਼ਮੀਮ ਨਾਲੇ ਦੇ ਮੈਨਹੋਲ ਪਾਈਪ ’ਚ ਹੀ ਫਸ ਗਿਆ ਸੀ, ਜਿਸ ਸਬੰਧੀ ਪਤਾ ਹੋਣ ਦੇ ਬਾਵਜੂਦ ਜਤਿੰਦਰ ਸਿੰਘ ਨੇ ਕਿਸੇ ਨੂੰ ਵੀ ਕਥਿਤ ਨਹੀਂ ਦੱਸਿਆ ਅਤੇ ਚੁੱਪਚਾਪ ਆਪਣੇ ਘਰ ਆ ਗਿਆ ਸੀ। ਦੇਰ ਰਾਤ ਤੱਕ ਮ੍ਰਿਤਕ ਸ਼ਮੀਮ ਦੇ ਘਰ ਵਾਪਸ ਨਾ ਆਉਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਹੋਏ ਜਦੋਂ ਜਤਿੰਦਰ ਸਿੰਘ ਕੋਲ ਪੁੱਜੇ ਤਾਂ ਉਸ ਨੇ ਵਾਰਿਸਾਂ ਨੂੰ ਕੁਝ ਵੀ ਨਹੀਂ ਦੱਸਿਆ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਪਰਿਵਾਰਕ ਮੈਂਬਰਾਂ ਨੇ ਸ਼ੱਕ ਪੈਣ ’ਤੇ ਜਦੋਂ ਪੁਲਸ ਦੀ ਮਦਦ ਨਾਲ ਜਤਿੰਦਰ ਸਿੰਘ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਸ਼ਮੀਮ ਡਰੇਨ ਨਾਲੇ ’ਚ ਡਿੱਗ ਗਿਆ ਹੈ । ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਨਾਲ ਲੈ ਕੇ ਉਕਤ ਘਟਨਾਂ ਸਥਾਨ ’ਤੇ ਪੁੱਜੇ, ਜਿਥੇ ਉਨ੍ਹਾਂ ਨੇ ਤਾਰਾ ਸਕੂਲ ਦੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਜਦੋਂ ਫੁਟੇਜ ਨੂੰ ਖੰਗਾਲਿਆ ਤਾਂ ਜਤਿੰਦਰ ਸਿੰਘ ਅਤੇ ਮ੍ਰਿਤਕ ਮੁਹੰਮਦ ਸ਼ਮੀਮ ਮੋਟਰਸਾਈਕਲ ਸਮੇਤ ਡਰੇਨ ਨਾਲੇ ਦੇ ਮੈਨਹੋਲ ’ਚ ਡਿੱਗਦੇ ਸਾਫ ਦਿਖਾਈ ਦਿੱਤੇ। ਪ੍ਰਸ਼ਾਸਨ ਨੂੰ ਸੂਚਿਤ ਕਰਨ ਉਪਰੰਤ ਪਰਿਵਾਰਕ ਮੈਂਬਰ ਆਪਣੇ ਪੱਧਰ ’ਤੇ ਸ਼ਮੀਮ ਨੂੰ ਡਰੇਨ ਨਾਲੇ ਦੇ ਗੰਦੇ ਪਾਣੀ ’ਚੋਂ ਲੱਭਣ ਲਈ ਜੁੱਟ ਗਏ। ਕਾਫ਼ੀ ਸਮੇਂ ਬਾਅਦ ਪੁੱਜੇ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਮਲੇ ਨੇ ਵੀ ਆਪਣੇ ਪੱਧਰ ’ਤੇ ਸ਼ਮੀਮ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸੇ ਜੱਦੋ-ਜਹਿਦ ਦੌਰਾਨ ਨੌਸ਼ਹਿਰਾ ਪਿੰਡ ਵਾਸੀ ਰਾਜ ਮਿਸਤਰੀ ਰਾਹੁਲ ਸਮੇਤ ਹੋਰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸੀਵਰੇਜ ਡਿਸਪੋਜ਼ਲ ਦੇ ਪਾਈਪ ’ਚੋਂ ਮੁਹੰਮਦ ਸ਼ਮੀਮ ਦੀ ਲਾਸ਼ ਨੂੰ ਬੁਰੀ ਹਾਲਤ ’ਚ ਬਾਹਰ ਕੱਢਿਆ, ਜਿਸ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।

ਉਧਰ ਮੌਕੇ ’ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਰੋਂਦਿਆਂ-ਵਿਲਕਦਿਆਂ ਸਥਾਨਕ ਪ੍ਰਸ਼ਾਸਨਿਕ ਅਮਲੇ ਦੇ ਰਵੱਈਏ ’ਤੇ ਰੋਸ ਜਤਾਉਂਦੇ ਹੋਏ ਕਥਿਤ ਦੋਸ਼ ਲਗਾਇਆ ਕਿ ਉਹ ਗ਼ਰੀਬ ਹੋਣ ਕਾਰਨ ਪ੍ਰਸ਼ਾਸਨਿਕ ਅਮਲੇ ਵੱਲੋਂ ਉਨ੍ਹਾਂ ਦੇ ਬੱਚੇ ਦੀ ਲਾਸ਼ ਨੂੰ ਲੱਭਣ ਲਈ ਕੋਈ ਖ਼ਾਸ ਕਥਿਤ ਦਿਲਚਸਪੀ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਅਸੀਂ ਖੁਦ ਹੀ ਸਵੇਰੇ 7 ਵਜੇ ਦੇ ਨਾਲੇ ’ਚੋਂ ਆਪਣੇ ਲੜਕੇ ਨੂੰ ਲੱਭਣ ’ਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਉਪਰੋਕਤ ਅਮਲਾ ਇਕ ਤਾਂ ਪਹਿਲਾਂ ਹੀ ਦੇਰੀ ਨਾਲ ਪੁੱਜਾ ਹੈ, ਦੂਜਾ ਸਾਡੇ ਲੜਕੇ ਦੀ ਲਾਸ਼ ਨੂੰ ਲੱਭਣ ਲਈ ਤੇਜ਼ੀ ਨਾਲ ਕੋਈ ਕਾਰਵਾਈ ਕਰਨ ਦੀ ਬਜਾਏ ਕਥਿਤ ਸਿਰਫ ਖਾਨਾਪੂਰਤੀ ਹੀ ਕਰ ਰਿਹਾ ਹੈ।
 

Manoj

This news is Content Editor Manoj