ਗੁਰਦਾਸਪੁਰ ''ਚ ਵੱਡੀ ਗੈਂਗਵਾਰ, ਗੈਂਗਸਟਰ ਵਿੱਕੀ ਗੌਂਡਰ ਨੇ ਸਾਥੀਆਂ ਨਾਲ ਮਿਲ ਕੇ ਮਾਰੇ ਤਿੰਨ ਨੌਜਵਾਨ (ਤਸਵੀਰਾਂ)

04/20/2017 7:57:35 PM

ਗੁਰਦਾਸਪੁਰ (ਦੀਪਕ) : ਵੀਰਵਾਰ ਨੂੰ ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ''ਤੇ ਕਾਹਨੂੰਵਾਨ ਬਾਈਪਾਸ ਦੇ ਹੇਠਾਂ ਦਿਨ ਦਿਹਾੜੇ ਵਿੱਕੀ ਗੌਂਡਰ ਗੈਂਗ (ਜੋ ਨਾਭਾ ਜੇਲ ''ਚੋਂ ਫਰਾਰ ਹੈ) ਨੇ ਅਦਾਲਤ ''ਚੋਂ ਤਾਰੀਕ ਭੁਗਤ ਕੇ ਜਾ ਰਹੇ ਕਾਰ ਸਵਾਰ ਪੰਜ ਨੌਜਵਾਨਾਂ ''ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ ਅਤੇ ਇਕ ਨੇ ਲੁੱਕ ਕੇ ਆਪਣੀ ਜਾਨ ਬਚਾਈ। ਇਸ ਹਮਲੇ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਸ ਸਬੰਧੀ ਘਟਨਾ ਸਥਾਨ ''ਤੇ ਮੌਜੂਦ ਦਮਨ ਮਹਾਜਨ ਪੁੱਤਰ ਵਿਜੇ ਮਹਾਜਨ ਵਾਸੀ ਹਰਦੋਛੰਨੀ ਰੋਡ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਦੋਸਤ ਹਰਪ੍ਰੀਤ ਸਿੰਘ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਾਫਾਦ ਜੱਟਾ ਜੋ ਗੁਰਦਾਸਪੁਰ ਅਦਾਲਤ ''ਚ ਤਰੀਕ ਭੁਗਤ ਕੇ ਆਪਣੇ ਦੋਸਤ ਹੈਪੀ ਪੁੱਤਰ ਸੂਰਤਾ ਸਿੰਘ ਵਾਸੀ ਔਜਲਾ ਦੇ ਕੋਲ ਉਸ ਦੇ ਘਰ ਆਪਣੇ ਤਿੰਨਾਂ ਦੋਸਤਾਂ ਨਾਲ ਜਿਨ੍ਹਾਂ ਵਿਚ ਸੁਖਚੈਨ ਸਿੰਘ, ਹੈਪੀ, ਇੰਦਰਬੀਰ ਸਿੰਘ ਪ੍ਰਿੰਸ ਦੇ ਨਾਲ ਟਵੇਰਾ ਕਾਰ ''ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਜਦੋਂ ਉਹ ਗੁਰਦਾਸਪੁਰ ਦੇ ਕਾਹਨੂੰਵਾਨ ਬਾਈਪਾਸ ਫਲਾਈਓਵਰ ਦੇ ਹੇਠਾਂ ਪਹੁੰਚੇ ਤਾਂ ਪਹਿਲਾਂ ਹੀ ਤਾਕ ''ਚ ਬੈਠੇ ਕੁੱਝ ਗੈਂਗਸਟਰਾਂ ਸਾਹਮਣਿਓਂ ਚਿੱਟੇ ਰੰਗ ਦੀ ਆਈ.ਟਵੰਟੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਲਗਾ ਦਿੱਤੀ, ਜਿਸ ਵਿਚ ਸਵਾਰ 5 ਗੈਂਗਸਟਰ ਹਥਿਆਰ ਤਾਨ ਕੇ ਬਾਹਰ ਨਿਕਲੇ ਅਤੇ ਉਨ੍ਹਾਂ ''ਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਰਪੀਤ ਸਿੰਘ ਸੂਬੇਦਾਰ ਅਤੇ ਸੁਖਚੈਨ ਸਿੰਘ ਦੀ ਮੌਕੇ ''ਤੇ ਹੀ ਮੌਤ ਹੋ ਗਈ ਅਤੇ ਹੈਪੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਦੌਰਾਨ ਇੰਦਰਬੀਰ ਸਿੰਘ ਪਿੰ੍ਰਸ ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ''ਤੇ ਗੈਂਗਸਟਰਾ ਨੇ ਸਾਨੂੰ ਕਾਰ ਤੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਦਿੱਤਾ। ਮੈਂ ਬੜੀ ਮੁਸ਼ਕਲ ਨਾਲ ਕਾਰ ''ਚੋ ਭੱਜ ਕੇ ਖੇਤਾਂ ਵਿਚ ਲੁੱਕ ਕੇ ਆਪਣੀ ਜਾਨ ਬਚਾਈ।
ਕੀ ਕਹਿਣਾ ਹੈ ਜ਼ਿਲਾ ਦੇ ਐੱਸ.ਐੱਸ.ਪੀ ਦਾ
ਇਸ ਸਬੰਧੀ ਜ਼ਿਲੇ ਦੇ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਂ ਗੈਂਗਸਟਰਾਂ ਦੀ ਪਛਾਣ ਹੋ ਗਈ, ਜੋ ਵਿੱਕੀ ਗੌਂਡਰ ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਵਿੱਕੀ ਗੌਂਡਰ ਨਾਭਾ ਜੇਲ ਬਰੇਕ ਕਾਂਡ ''ਚ ਭੱਜਣ ਵਿਚ ਸਫਲ ਹੋਇਆ ਸੀ। ਉਸ ਨੇ ਆਪਣੇ ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨਾਲ ਗੈਂਗਸਟਰ ਸੁੱਖਾ ਸ਼ਿਕਾਰ ਮਾਫੀਆ, ਹੈਪੀ, ਹੈਰੀ ਮਜੀਠੀਆ ਅਤੇ ਗਿਆਨ ਪਿੰਡ ਖਰਲਾ ਗੁਰਦਾਸਪੁਰ ਸ਼ਾਮਲ ਹਨ। ਜਿਨ੍ਹਾਂ ''ਤੇ ਪਹਿਲਾਂ ਹੀ ਕਈ ਅਪਰਾਧਿਕ ਧਾਰਾਵਾਂ ਦੇ ਵੱਖ-ਵੱਖ ਕੇਸ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਸ ਕਾਰਨ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਸ.ਐੱਸ ਪੀ ਨੇ. ਦੱਸਿਆ ਕਿ ਘਟਨਾ ਸਬੰਧੀ ਜਾਇਜ਼ਾ ਲੈਣ ਵਾਸਤੇ ਆਈ. ਜੀ ਬਾਰਡਰ ਰੇਂਜ ਨੌਨਿਹਾਲ ਸਿੰਘ ਪਹੁੰਚ ਰਹੇ ਹਨ।

Gurminder Singh

This news is Content Editor Gurminder Singh