ਹੱਤਿਆ ਮਾਮਲੇ ''ਚ 2 ਔਰਤਾਂ ਸਮੇਤ 4 ਦੋਸ਼ੀਆਂ ਨੂੰ ਉਮਰ ਕੈਦ

12/22/2017 4:41:23 AM

ਚੰਡੀਗੜ੍ਹ, (ਸੰਦੀਪ)- ਡਾਇਮੰਡ ਦੀ ਮੁੰਦਰੀ ਦੇ ਲਾਲਚ 'ਚ ਆ ਕੇ 65 ਸਾਲਾ ਬਜ਼ੁਰਗ ਕ੍ਰਿਸ਼ਨ ਲਾਲ ਦੀ ਹੱਤਿਆ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ 2 ਔਰਤਾਂ ਸਮੇਤ 4 ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ 'ਚ ਸੈਕਟਰ-40 ਵਾਸੀ ਅਮਿਤ, ਉਸ ਦੀ ਪਤਨੀ ਸੁਮਨ, ਸੈਕਟਰ-56 ਵਾਸੀ ਜਤਿੰਦਰ ਤੇ ਅਨੀਤਾ ਸ਼ਾਮਲ ਹਨ।  ਸੈਕਟਰ-31 ਥਾਣਾ ਪੁਲਸ ਨੇ 25 ਅਕਤੂਬਰ ਨੂੰ ਇਸ ਸਬੰਧੀ ਕ੍ਰਿਸ਼ਨ ਲਾਲ ਦੇ ਬੇਟੇ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ। ਕੇਸ ਤਹਿਤ ਸੈਕਟਰ-47 ਵਾਸੀ ਸ਼ਿਵ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ ਪਿਤਾ ਕ੍ਰਿਸ਼ਨ ਕੁਮਾਰ ਵਾਟਰ ਸਪਲਾਈ ਵਿਭਾਗ ਤੋਂ ਰਿਟਾਇਰ ਹੋਏ ਸਨ ਤੇ ਹੈਂਡੀਕੈਪਡ ਹੋਣ ਕਾਰਨ ਉਹ ਸਕੂਟਰ 'ਤੇ ਆਉਂਦੇ-ਜਾਂਦੇ ਸਨ। 25 ਅਕਤੂਬਰ 2014 ਨੂੰ ਉਸ ਦੇ ਪਿਤਾ ਘਰ ਦਾ ਬਿਜਲੀ ਬਿੱਲ ਜਮ੍ਹਾ ਕਰਵਾਉਣ ਲਈ ਗਏ ਸਨ ਪਰ ਜਦੋਂ ਦੁਪਹਿਰ ਸਾਢੇ 3 ਵਜੇ ਤਕ ਨਹੀਂ ਪਰਤੇ ਤਾਂ ਸ਼ਿਵ ਨੇ ਆਪਣੇ ਤੌਰ 'ਤੇ ਉਨ੍ਹਾਂ ਦੀ ਭਾਲ ਕਰਨ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਤੇ ਅਮਿਤ ਤੇ ਉਸ ਦੀ ਪਤਨੀ 'ਤੇ ਪਿਤਾ ਨੂੰ ਅਗਵਾ ਕਰਨ ਦਾ ਸ਼ੱਕ ਜਤਾਇਆ।
ਪੁਲਸ ਜਾਂਚ ਤਹਿਤ ਅਗਲੇ ਦਿਨ ਸ਼ਿਵ ਨੂੰ ਅਮਿਤ ਤੇ ਸੁਮਨ ਨੇ ਸੈਕਟਰ-47 ਦੀ ਮਾਰਕੀਟ 'ਚ ਉਸ ਦੇ ਪਿਤਾ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ ਤੇ ਦੱਸਿਆ ਕਿ ਉਸ ਦੇ ਪਿਤਾ ਨੇ ਡਾਇਮੰਡ ਦੀ ਮੁੰਦਰੀ ਪਾਈ ਹੋਈ ਸੀ ਤੇ ਇਸੇ ਦੇ ਲਾਲਚ 'ਚ ਉਨ੍ਹਾਂ ਨੇ 25 ਅਕਤੂਬਰ ਨੂੰ ਕ੍ਰਿਸ਼ਨ ਲਾਲ ਨੂੰ ਫੋਨ ਕਰ ਕੇ ਘਰ ਬੁਲਾਇਆ ਸੀ ਤੇ ਚੁੰਨੀ ਨਾਲ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਮੁੰਦਰੀ ਕੱਢ ਲਈ ਸੀ। ਉਨ੍ਹਾਂ ਨੇ ਲਾਸ਼ ਨੂੰ ਟਿਕਾਣੇ ਲਾਉਣ ਲਈ ਜਾਣਕਾਰ ਜਤਿੰਦਰ ਨੂੰ ਬੁਲਾਇਆ ਸੀ, ਜੋ ਮਹਿਲਾ ਸਾਥੀ ਅਨੀਤਾ ਨੂੰ ਕਾਰ 'ਚ ਲੈ ਕੇ ਆਇਆ ਸੀ। ਉਨ੍ਹਾਂ ਨੇ ਲਾਸ਼ ਕਾਰ 'ਚ ਲਿਜਾ ਕੇ ਰੋਪੜ ਨਹਿਰ 'ਚ ਸੁੱਟ ਦਿੱਤੀ ਸੀ।