ਜੰਮੂਤਵੀ ਦੁਰਗ ਟਰੇਨ ਦੇ ਦੋ ਪਹੀਏ ਲੀਹੋਂ ਲੱਥੇ ; ਵੱਡਾ ਹਾਦਸਾ ਟਲਿਆ (ਵੀਡੀਓ)

04/30/2016 2:04:28 PM

ਜਲੰਧਰ, (ਗੁਲਸ਼ਨ) : ਸੁਰਾਨਸੀ ਕੋਲ ਦੁਪਹਿਰ ਸਮੇਂ ਜੰਮੂਤਵੀ ਦੁਰਗ ਟਰੇਨ ਦੇ ਦੋ ਪਹੀਏ ਪਟੜੀ ਤੋਂ ਉਤਰ ਗਏ, ਹਾਲਾਂਕਿ ਇਸ ਦੌਰਾਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ।
ਜਾਣਕਾਰੀ ਮੁਤਾਬਕ ਜੰਮੂਤਵੀ ਦੁਰਗ ਟਰੇਨ ਸੁਰਾਨਸੀ ਤੋਂ ਜਲੰਧਰ ਵੱਲ ਆ ਰਹੀ ਸੀ। ਇਸ ਦੌਰਾਨ ਰੇਲਗੱਡੀ ਦੇ ਏ. ਸੀ. ਕੋਚ ਦੇ ਦੋ ਪਹੀਏ ਪਟੜੀ ਤੋਂ ਲੱਥ ਗਏ, ਜਿਸ ਨਾਲ ਰੇਲ ਆਵਾਜਾਈ ਵਿਚ ਵਿਘਨ ਪਿਆ।  

ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ? ਕੋਈ ਕਹਿੰਦਾ ਅੱਗ ਲੱਗ ਗਈ ਹੈ ਅਤੇ ਕੋਈ ਕਹਿੰਦਾ ਕਿ ਟਾਇਰ ਪਟੜੀ ਤੋਂ ਉਤਰ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਸਾਰੇ ਵਿਅਕਤੀ ਅਤੇ ਬੱਚੇ ਸੁਰੱਖਿਅਤ ਹਨ। 
ਉਧਰ ਰੇਲਵੇ ਦੇ ਅਧਿਆਰੀਆਂ ਦਾ ਕਹਿਣਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ, ਬਸ ਕੁਝ ਕੁ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। 
ਕਰਨੈਲ ਸਿੰਘ ਹੌਲਦਾਰ ਆਰ. ਪੀ. ਐੱਫ਼. ਨੇ ਦੱਸਿਆ ਕਿ ਗੱਡੀ ਅੰਮ੍ਰਿਤਸਰ ਵਲੋਂ ਆ ਰਹੀ ਸੀ। ਸੁਰਾਨਸੀ ਦੇ ਕੋਲ ਅਚਾਨਕ ਗੱਡੀ ਵਿਚੋਂ ਗਰਦ ਉੱਠਣ ਲੱਗੀ। ਸਾਨੂੰ ਲੱਗਾ ਕਿ ਸ਼ਾਇਦ ਅੱਗ ਲੱਗ ਗਈ ਹੈ, ਅਸੀਂ ਤੁਰੰਤ ਚੇਨ ਖਿੱਚ ਕੇ ਗੱਡੀ ਰੋਕੀ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਬਾਅਦ ਵਿਚ ਪਤਾ ਲੱਗਾ ਕਿ ਐਕਸਲ ਟੁੱਟਾ ਹੋਇਆ ਸੀ ਅਤੇ ਗੱਡੀ ਦੇ ਸ਼ੀਸ਼ੇ ਵੀ ਟੁੱਟੇ ਪਏ ਸਨ। ਬਾਕੀ ਰੱਬ ਦੀ ਦਇਆ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 
ਦੂਜੇ ਪਾਸੇ ਇਸ ਘਟਨਾ ਕਾਰਣ ਸ਼ਤਾਬਦੀ ਐਕਸਪ੍ਰੈੱਸ ਆਦਿ ਕੋਈ ਰੇਲਗੱਡੀਆਂ ਦੀ ਰਫਤਾਰ ਧੀਮੀ ਹੋ ਗਈ।