ਮੋਟਰ ਸਾਈਕਲ ਅਤੇ ਸ਼ਰਾਬ ਸਮੇਤ 2 ਵਿਅਕਤੀ ਕਾਬੂ

01/24/2018 1:44:04 PM


ਸਾਦਿਕ (ਪਰਮਜੀਤ) - ਸਾਦਿਕ ਤੋਂ ਚੋਰੀ ਹੋਇਆ ਮੋਟਰ ਸਾਈਕਲ ਕੁਝ ਘੰਟਿਆਂ ਵਿਚ ਹੌਲਦਾਰ ਬੇਅੰਤ ਸਿੰਘ ਸੰਧੂ ਦੇ ਯਤਨਾਂ ਨਾਲ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸੇ ਤਰਾਂ ਇਕ ਵਿਅਕਤੀ ਤੋਂ 40 ਬੋਤਲਾਂ ਰੂੜੀ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਮਿਲੀ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਪੁੱਤਰ ਸੋਹਣ ਸਿੰਘ ਕੌਮ ਜੱਟ ਸਿੱਖ ਵਾਸੀ ਪਿੰਡ ਗੁੱਜਰ ਹਾਲ ਅਬਾਦ ਸਾਦਿਕ ਨੇ ਸਾਦਿਕ ਪੁਲਸ ਨੂੰ ਸੂਚਨਾ ਦਿੱਤੀ ਕਿ ਅੱਜ ਸਵੇਰੇ ਲਗਭਗ 9 ਵਜੇ ਮੈਂ ਗੁਰੂ ਨਾਨਕ ਕਰਿਆਨਾ ਸਟੋਰ ਸਾਦਿਕ ਤੋਂ ਆਪਣੇ ਘਰ ਲਈ ਸਾਮਾਨ ਲੈਣ ਆਪਣੇ ਮੋਟਰ ਸਾਈਕਲ ਸੀ. ਡੀ. ਡੀਲਕਸ 'ਤੇ ਗਿਆ ਤੇ ਮੋਟਰਸਾਈਕਲ ਦੁਕਾਨ ਦੇ ਬਾਹਰ ਲਾ ਕੇ ਦੁਕਾਨ ਅੰਦਰ ਸਮਾਨ ਲੈਣ ਚਲਾ ਗਿਆ। ਬਾਹਰ ਆਉਣ 'ਤੇ ਮੇਰਾ ਮੋਟਰਸਾਈਕਲ ਮੌਜੂਦ ਨਹੀਂ ਸੀ।

ਇਸ ਦੁਕਾਨ ਦੇ ਬਾਹਰ ਪਰਮਜੀਤ ਸਿੰਘ ਪੁੱਤਰ ਮੱਖਣ ਸਿੰਘ ਕੌਮ ਰਾਇ ਸਿੱਖ ਵਾਸੀ ਸ਼ਹੀਦ ਊਧਮ ਸਿੰਘ ਨਗਰ ਥਾਣਾ ਸਦਰ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਘੁੰਮ ਰਿਹਾ ਸੀ ਤੇ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਮੋਟਰਸਾਈਕਲ ਉਹੀ ਚੋਰੀ ਕਰਕੇ ਲੈ ਗਿਆ ਹੈ। ਹੌਲਦਾਰ ਬੇਅੰਤ ਸਿੰਘ ਸੰਧੂ ਦੂਸਰੇ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਚੈਕਿੰਗ ਕਰ ਰਹੇ ਸਨ ਜਦ ਉਕਤ ਘਟਨਾ ਦੀ ਜਾਣਕਾਰੀ ਮਿਲੀ। ਜਿਸ 'ਤੇ ਤੁਰੰਤ ਅਮਲ ਕਰਦਿਆਂ ਚੋਰ ਦੀ ਭਾਲ ਲਈ ਜਦ ਗੁਰਬਚਨ ਸਿੰਘ ਨੂੰ ਨਾਲ ਲੈ ਕੇ ਕਾਉਣੀ ਦੇ ਬੱਸ ਅੱਡੇ ਕੋਲ ਪੁੱਜੇ ਤਾਂ ਇਕ ਵਿਅਕਤੀ ਮੋਟਰ ਸਾਈਕਲ ਵੇਚਣ ਦੀ ਤਾਕ ਵਿਚ ਖੜ੍ਹਾ ਸੀ। ਇਸ ਮੋਟਰ ਸਾਈਕਲ ਨੂੰ ਗੁਰਬਚਨ ਸਿੰਘ ਨੇ ਪਛਾਣ ਲਿਆ ਅਤੇਦੋਸ਼ੀ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਏ. ਐਸ. ਆਈ ਸ਼ਵਿੰਦਰ ਸਿੰਘ ਸਮੇਤ ਹੌਲਦਾਰ ਸੁਖਦਾਤਾਪਾਲ ਸਿੰਘ ਸ਼ੱਕੀ ਪੁਰਸ਼ਾਂ ਦੇ ਸਬੰਧੀ ਵਿਚ ਚੈਕਿੰਗ 'ਤੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਚਾਕੀ ਕਲਾਂ ਫਿਰੋਜ਼ਪੁਰ ਰੋਡ ਤੇ ਢਿੱਲਵਾਂ ਖੁਰਦ ਵਾਲੀ ਕੱਸੀ ਤੇ ਕੈਨੀ ਲੈ ਕੇ ਬੈਠਾ ਹੈ ਤੇ ਨਜਾਇਜ਼ ਸ਼ਰਾਬ ਵੇਚ ਰਿਹਾ ਹੈ ਅਗਰ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਛਾਪਾਮਾਰੀ ਕਰਨ ਤੇ ਉਸ ਕੋਲੋ ਨਜਾਇਜ਼ ਰੂੜੀ ਮਾਰਕਾ 40 ਬੋਤਲਾਂ ਸ਼ਰਾਬ ਬਰਾਮਦ ਕੀਤੀ। ਮਨਜੀਤ ਸਿੰਘ ਖਿਲਾਫ ਮੋਟਰ ਸਾਈਕਲ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ। ਇਸ ਮੌਕੇ ਏ. ਐਸ. ਆਈ ਹਰਿੰਦਰ ਸਿੰਘ ਸੰਧੂ, ਏ. ਐਸ. ਆਈ ਸਵਿੰਦਰ ਸਿੰਘ, ਮੁੱਖ ਮੁਨਸ਼ੀ ਲਾਭ ਸਿੰਘ, ਹੌਲਦਾਰ ਬੇਅੰਤ ਸਿੰਘ ਤੇ ਹੌਲਦਾਰ ਸੁਖਦਾਤਾ ਪਾਲ ਹਾਜ਼ਰ ਸਨ।