ਦੋ ਭਗੌੜੇ ਕਾਬੂ

02/18/2018 2:23:37 AM

ਮੋਗਾ,   (ਆਜ਼ਾਦ)-  ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਭਗੌੜੇ ਦੋਸ਼ੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਸ਼ਾਮਲ ਦੋ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਜਣ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ ਖਿਲਾਫ 2016 'ਚ ਐਕਸੀਡੈਂਟ ਦਾ ਮਾਮਲਾ ਥਾਣਾ ਧਰਮਕੋਟ 'ਚ ਦਰਜ ਹੋਇਆ ਸੀ। ਉਕਤ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ ਉਸ ਨੂੰ 20 ਜਨਵਰੀ, 2018 ਨੂੰ ਭਗੌੜਾ ਐਲਾਨਿਆ ਗਿਆ ਸੀ।  ਇਸ ਤਰ੍ਹਾਂ ਨਿੰਦਰ ਕੌਰ ਨਿਵਾਸੀ ਪਿੰਡ ਚਿਰਾਗਸ਼ਾਹ ਵਾਲਾ ਨੇ ਆਪਣੇ ਪਤੀ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ ਖਿਲਾਫ ਦਾਜ ਦੀ ਖਾਤਰ ਕੁੱਟ-ਮਾਰ ਕਰਨ ਦੀ ਮਾਣਯੋਗ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਹ 6-7 ਸਾਲਾਂ ਤੋਂ ਆਪਣੇ ਪੇਕੇ ਪਿੰਡ ਰਹਿ ਰਹੀ ਹੈ, ਜਦਕਿ ਉਸ ਦਾ ਲੜਕਾ ਉਸ ਦੇ ਪਤੀ ਨਾਲ ਹੈ। ਉਕਤ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ 19 ਫਰਵਰੀ, 2016 ਨੂੰ ਸੁਖਵਿੰਦਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਸੀ।  ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਕੇ ਉਕਤ ਦੋਵਾਂ ਭਗੌੜਿਆਂ ਨੂੰ ਜਾ ਦਬੋਚਿਆ, ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਦੋਵਾਂ ਨੂੰ ਨਿਆਇਕ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।