ਕ੍ਰੋਡ਼ਾਂ ਦੀ ਹੈਰੋਇਨ ਸਮੇਤ ਦੋ ਕਾਬੂ

02/08/2020 9:47:38 PM

ਸ਼ਾਹਕੋਟ,(ਤ੍ਰੇਹਨ)– ਅੱਜ ਸਥਾਨਿਕ ਪੁਲਿਸ ਨੇ 370 ਗ੍ਰਾਮ ਹੈਰੋਇਨ ਸਮੇਤ ਦੋ ਨੌਜੁਆਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਫਡ਼ੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕ੍ਰੋਡ਼ਾਂ ’ਚ ਆਂਕੀ ਗਈ ਹੈ। ਮਾਡਲ ਪੁਲਿਸ ਥਾਣਾ ਸ਼ਾਹਕੋਟ ਦੇ ਮੁਖੀ ਐਸ.ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਹਕੋਟ ਪੁਲਸ ਥਾਣੇ ਅਧੀਨ ਆਉਂਦੀ ਪੁਲਿਸ ਚੌਕੀ ਤਲਵੰਡੀ ਸੰਘੇਡ਼ਾ ਦੇ ਮੁਖੀ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਅਕਬਰਪੁਰ ਮੋਡ਼, ਪਰਜੀਆਂ ਕਲਾਂ ਮੌਜੂਦ ਸਨ ਕਿ ਉਨ੍ਹਾਂ ਇੱਕ ਐਲਟੋ ਕਾਰ ਨੰਬਰ ਪੀ.ਬੀ.05 ਪੀ. 8149 ਨੂੰ ਸ਼ੱਕ ਹੋਣ ਤੇ ਰੋਕਿਆ। ਕਾਰ ਵਿੱਚ ਦੋ ਨੌਜੁਆਨ ਸਵਾਰ ਸੀ, ਜਿਨ੍ਹਾਂ ਆਪਣਾ ਨਾਮ ਦਿਲਪ੍ਰੀਤ ਸਿੰਘ (ਚਾਲਕ) ਪੁੱਤਰ ਰਾਜ ਕੁਮਾਰ ਵਾਸੀ ਸ਼ੇਰੇਵਾਲਾ ਥਾਣਾ ਸਿਧਵਾਂ ਬੇਟ (ਲੁਧਿਆਣਾ) ਅਤੇ ਦੂਜੇ ਨੇ ਆਪਣਾ ਨਾਮ ਰਾਜਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਰਾਇਪੁਰ ਅਰਾਈਆਂ ਥਾਣਾ ਮਹਿਤਪੁਰ ਦੱਸਿਆ। ਇਨ੍ਹਾਂ ਦੀ ਤਲਾਸ਼ੀ ਕਰਨ ਤੇ ਮੌਮੀ ਲਿਫਾਫੇ ਵਿੱਚੋਂ 370 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉੱਕਤ ਦੋਨੋਂ ਨੌਜੁਆਨਾਂ ਖਿਲਾਫ ਐਨ.ਡੀ.ਪੀ.ਐਸ. ਦੀਆਂ ਧਾਰਾਵਾਂ 21-61-85 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਛਗਿੱਛ ਦੌਰਾਨ ਦਿਲਪ੍ਰੀਤ ਸਿੰਘ (23) ਨੇ ਦੱਸਿਆ ਕਿ ਉਹ 12 ਜਮਾਤਾਂ ਪਡ਼੍ਹਿਆ ਹੈ ਅਤੇ ਉਨ੍ਹਾਂ ਦੀ 13 ਕਿਲੇ ਜਮੀਨ ਵੀ ਹੈ। ਉਹ ਖੇਤੀਬਾਡ਼ੀ ਦਾ ਧੰਦਾ ਕਰਦਾ ਹੈ ਅਤੇ ਕਬੱਡੀ ਪਲੇਅਰ ਵੀ ਹੈ। ਉਹ ਕਰੀਬ 2-3 ਮਹੀਨੇ ਤੋਂ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਉਹ ਹੈਰੋਇਨ ਪਿੰਡ ਧਰਮੇ ਦੀਆਂ ਛੰਨਾ ਥਾਣਾ ਮਹਿਤਪੁਰ ਤੋਂ ਦੋ ਭਰਾਵਾਂ ਮਿੰਟਾ ਅਤੇ ਹੰਸਾ ਕੋਲੋਂ ਲੈ ਕੇ ਆਉਂਦਾ ਹੈ। ਰਾਜਵਿੰਦਰ ਸਿੰਘ (24) ਨੇ ਦੱਸਿਆ ਕਿ ਉਹ ਬੀ.ਸੀ.ਏ. ਫਾਈਨਲ ਵਿੱਚ ਪਡ਼੍ਹਦਾ ਹੈ। ਉਹ ਵਿਆਹ ਸ਼ਾਦੀਆਂ ਆਦਿ ਵਿੱਚ ਬਾਊਂਸਰ ਦਾ ਕੰਮ ਵੀ ਕਰਦਾ ਹੈ ਅਤੇ ਭਲਵਾਨੀ ਵੀ ਕਰਦਾ ਹੈ। ਉਹ ਦਿਲਪ੍ਰੀਤ ਸਿੰਘ ਨਾਲ ਮਿਲ ਕੇ ਹੈਰੋਇਨ ਵੇਚਣ ਲਈ ਲੈਕੇ ਆਇਆ ਸੀ ਅਤੇ ਉਸ ਦੇ ਦੌਸਤ ਸਰੂਪ ਸਿੰਘ ਨੇ ਦੱਸਣਾ ਸੀ ਕਿ ਹੈਰੋਇਨ ਕਿਥੇ ਸਪਲਾਈ ਕਰਨੀ ਹੈ। ਦਿਲਪ੍ਰੀਤ ਨੇ ਆਪਣੀ ਕਾਰ ਅੱਗੇ ਪੁਲਿਸ ਦਾ ਲੋਗੋ ਲਗਾਇਆ ਹੋਇਆ ਸੀ ਤਾਂ ਕਿ ਕੋਈ ਉਨ੍ਹਾਂ ਨੂੰ ਰੋਕ ਨਾ ਸਕੇ। ਉਨ੍ਹਾਂ ਦੱਸਿਆ ਕਿ ਉੱਕਤ ਦੋਹਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਸਮਗਲਰਾਂ ਦਾ ਪਰਦਾਫਾਸ਼ ਹੋ ਸਕੇ।

Bharat Thapa

This news is Content Editor Bharat Thapa