ਪੁਲਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਗਰਲਫ੍ਰੈਂਡ ਦੀ ਖਾਤਰ ਕੀਤਾ ਸੀ ਦੋਸਤ ਦਾ ਕਤਲ

02/23/2018 2:04:32 PM

ਸੰਗਰੂਰ (ਬੇਦੀ,ਬਾਵਾ) — ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਪੱਥਰ ਮਾਰਕੇ ਆਪਣੇ ਹੀ ਦੋਸਤ ਨੂੰ ਕਤਲ ਕਰਨ ਵਾਲੇ ਦੋ ਦੋਸਤਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਥਾਣਾ ਸੰਦੌੜ ਦੀ ਪੁਲਸ ਨੂੰ ਕੈਸਾਲ ਸਾਧਾ ਨੇ ਇਤਲਾਹ ਦਿੱਤੀ ਕਿ ਉਸਦਾ ਭਤੀਜਾ ਧਰਵਿੰਦਰ ਸਾਧਾ (30) ਦਾ ਕਿਸੇ ਨਾ ਮਲੂਮ ਵਿਅਕਤੀਆਂ ਨੇ 17-18 ਫਰਵਰੀ ਦੀ ਰਾਤ ਨੂੰ ਪਿੰਡ ਬਾਪਲਾ ਦੇ ਬਾਹਰੋਂ ਬਾਹਰ ਮਾਣਕੀ ਜਾਂਦੀ ਰੋਡ 'ਤੇ ਲੱਗੇ ਮੋਬਾਇਲ ਟਾਵਰ ਦੇ ਪਾਸ ਖੇਤਾਂ ਨੂੰ ਮੁੜਦੀ ਪਹੀ ਨਜ਼ਦੀਕ ਕਤਲ ਕਰ ਦਿੱਤਾ। ਕਪਤਾਨ ਰਾਜ ਕੁਮਾਰ ਨੇ ਪੁਲਸ ਪਾਰਟੀ ਦੇ ਸਹਿਯੋਗ ਨਾਲ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਨੇ ਮ੍ਰਿਤਕ ਦੇ ਦੋਸਤਾਂ ਮੁਲਜ਼ਮ ਮੁੰਨਾ ਕੁਮਾਰ ਯਾਦਵ ਤੇ ਅਜੇ ਕੁਮਾਰ ਮੁੰਨੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਅਤੇ ਮੁਲਜ਼ਮਾਂ ਪਾਸੋਂ ਮ੍ਰਿਤਕ ਦਾ ਮੋਬਾਇਲ ਅਤੇ ਕਤਲ ਕਰਨ ਸਮੇਂ ਪਹਿਨੇ ਹੋਏ ਖੂਨ ਨਾਲ ਸੰਨੇ ਕੱਪੜੇ ਅਤੇ ਬੂਟ, ਜੋ ਛੁਪਾਕੇ ਰੱਖੇ ਸਨ, ਬਰਾਮਦ ਕੀਤੇ ਹਨ। 
ਦੋਸਤ ਲੜਕੀ ਨੂੰ ਤੰਗ ਕਰਨ 'ਤੇ ਕੀਤਾ ਕਤਲ 
ਐੱਸ.ਪੀ. ਹੁੰਦਲ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੰਨਾ ਯਾਦਵ, ਅਜੇ ਕੁਮਾਰ ਮੁੰਨੀ ਅਤੇ ਮ੍ਰਿਤਕ ਧਰਵਿੰਦਰ ਸਾਧਾ ਆਪਸ 'ਚ ਦੋਸਤ ਸਨ ਅਤੇ ਮੁੰਨਾ ਯਾਦਵ ਦੀ ਬਿਹਾਰ ਰਹਿੰਦੀ ਲੜਕੀ ਨਾਲ ਦੋਸਤੀ ਸੀ ਅਤੇ ਮ੍ਰਿਤਕ ਧਰਮਿੰਦਰ ਸਾਧਾ ਫੋਨ 'ਤੇ ਮੁੰਨਾ ਯਾਦਵ ਦੀ ਗਰਲਫ੍ਰੈਂਡ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਮੁੰਨਾ ਮਨ 'ਚ ਧਰਮਿੰਦਰ ਲਈ ਰੰਜਿਸ਼ ਰੱਖਦਾ ਸੀ, ਜਿਸ ਕਰਕੇ ਮੁੰਨਾ ਯਾਦਵ ਨੇ ਆਪਣੇ ਦੋਸਤ ਅਜੇ ਕੁਮਾਰ ਮੁੰਨੀ ਨਾਲ ਮਿਲ ਕੇ ਧਰਮਿੰੰਦਰ ਸਾਧਾ ਨੂੰ ਮਾਰਨ ਦੀ ਯੋਜਨਾ ਬਣਾਈ। 
ਸ਼ਰਾਬ ਪਿਲਾ ਕੇ ਪੱਥਰ ਮਾਰ ਕੀਤਾ ਕਤਲ
ਦੋਸ਼ੀਆਂ ਨੇ ਮ੍ਰਿਤਕ ਨੂੰ ਸ਼ਰਾਬ ਪਿਲਾਕੇ ਬਣਾਈ ਸਕੀਮ ਤਹਿਤ ਪਿੰਡ ਬਾਪਲਾ ਤੋਂ ਮਾਣਕੀ ਰੋਡ 'ਤੇ ਟਾਵਰ ਦੇ ਨਜ਼ਦੀਕ ਕੁੱਟਮਾਰ ਕਰਕੇ ਭਾਰੀ ਪੱਥਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। 
ਗਾਣੇ ਸੈਂਡ ਕਰਨ ਦੇ ਬਹਾਨੇ ਮੋਬਾਇਲ 'ਚੋਂ ਕੱਢਿਆ ਸੀ ਨੰਬਰ 
ਮ੍ਰਿਤਕ ਧਰਵਿੰਦਰ ਸਾਧਾ ਨੇ ਦੋਸ਼ੀ ਮੁੰਨਾ ਯਾਦਵ ਦੇ ਮੋਬਾਇਲ 'ਚੋ ਉਸਦੀ ਦੋਸਤ ਲੜਕੀ ਦਾ ਨੰਬਰ ਗਾਣੇ ਸੈਂਡ ਕਰਨ ਦੇ ਬਹਾਨੇ ਕੱਢ ਲਿਆ ਅਤੇ ਬਾਅਦ 'ਚ ਉਹ ਉਕਤ ਲੜਕੀ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ, ਜਿਸ ਕਾਰਨ ਮੁੰਨਾ ਯਾਦਵ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।