ਤੁਲੀ ਲੈਬ ਤੇ ਈ. ਐੱਮ. ਸੀ. ਹਸਪਤਾਲ ਦੇ ਮਾਮਲੇ ’ਚ ਈ. ਡੀ. ਨੇ ਮੰਗਵਾਈ ਰਿਪੋਰਟ

Tuesday, Jun 30, 2020 - 02:39 AM (IST)

ਅੰਮ੍ਰਿਤਸਰ, (ਜ.ਬ.)- ਅੰਮ੍ਰਿਤਸਰ ਦੀ ਨਿੱਜੀ ਲੈਬ ਅਤੇ ਪ੍ਰਾਈਵੇਟ ਹਸਪਤਾਲ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਵਲੋਂ ਕਾਰਵਾਈ ਕਰਨ ਉਪਰੰਤ ਹੁਣ ਇਸ ਵਿਚ ਕਈ ਹੋਰ ਵਿਭਾਗ ਵੀ ਸਰਗਰਮ ਹੋ ਗਏ ਹਨ। ਜਾਣਕਾਰੀ ਮੁਤਾਬਕ ਇਸ ਦੀ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤਕ ਵੀ ਇਸ ਦੀ ਗੂੰਜ ਪਹੁੰਚ ਚੁੱਕੀ ਹੈ। ਤੁਲੀ ਲੈਬ ਅਤੇ ਈ. ਐੱਮ. ਸੀ. ਹਸਪਤਾਲ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ ਬੁੱਧਵਾਰ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਧੋਖਾਦੇਹੀ ਦਾ ਮਾਮਲਾ ਦਰਜ ਕਰਦੇ ਹੋਏ ਈ. ਐੱਮ. ਸੀ. ਦੇ ਹਸਪਤਾਲ ਦੇ ਮਾਲਕ ਅਤੇ 5 ਹੋਰ ਡਾਕਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਹਸਪਤਾਲ ਦੇ ਮਾਲਕ ਪਵਨ ਅਰੋੜਾ ਦੇ ਨਾਲ-ਨਾਲ ਡਾ. ਮਹਿੰਦਰ ਸਿੰਘ, ਡਾ. ਰਾਬਿਨ ਤੁਲੀ, ਡਾ. ਰਿਦਮ ਤੁਲੀ, ਡਾ. ਸੰਜੇ ਅਤੇ ਡਾ. ਸੋਨੀ ਨੂੰ ਨਾਮਜ਼ਦ ਕੀਤਾ ਸੀ।

ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਵਿਆਪਕ ਪੱਧਰ ’ਤੇ ਗੂੰਜ ਉਠ ਜਾਣ ਦੇ ਕਾਰਨ ਕੇਂਦਰ ਸਰਕਾਰ ਦੀ ਏਜੰਸੀ ਈ. ਡੀ. ਨੇ ਵੀ ਆਪਣੀ ਭੂਮਿਕਾ ਦਿਖਾਉਂਦੇ ਹੋਏ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗਵਾਈ ਹੈ। ਵਿਜੀਲੈਂਸ ਵਲੋਂ ਦਰਜ ਕੀਤੇ ਗਏ ਕੇਸ ਬਾਰੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸੈਸ਼ਨ ਕੋਰਟ ਵਿਚ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। ਬੀਤੇ ਦਿਨੀਂ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿਚ ਮੁਲਜ਼ਮ ਪੱਖ ਵਲੋਂ ਜ਼ਮਾਨਤ ਦੀ ਪਟੀਸ਼ਨ ਦਰਜ ਕੀਤੀ ਸੀ, ਜਿਸ ’ਤੇ ਸੁਣਵਾਈ ਲਈ ਸੋਮਵਾਰ ਦੀ ਤਰੀਕ ਅਦਾਲਤ ਵਲੋਂ ਦਿੱਤੀ ਗਈ ਸੀ। ਇਸ ਵਿਚ ਮੁਲਜ਼ਮ ਪੱਖ ਵਲੋਂ ਉਨ੍ਹਾਂ ਦੇ ਵਕੀਲ ਪੇਸ਼ ਹੋਏ ਸਨ। ਮਾਣਯੋਗ ਅਦਾਲਤ ਨੇ ਇਸ ਸਬੰਧ ਵਿਚ ਮੰਗਲਵਾਰ ਦੀ ਤਰੀਕ ਤੈਅ ਕੀਤੀ ਹੈ, ਜਿਸ ਵਿਚ ਇਸ ਕੇਸ ਦੀ ਜ਼ਮਾਨਤ ਦੇ ਸਬੰਧ ਵਿਚ ਸੁਣਵਾਈ ਹੋਵੇਗੀ।

Bharat Thapa

This news is Content Editor Bharat Thapa