ਟਿਊਬਵੈੱਲ ਦੀ ਮੋਟਰ ਅਕਸਰ ਖਰਾਬ, ਮਾਣਕਮਾਜਰਾ ਦੇ ਲੋਕ ਤਿੰਨ ਸਾਲਾਂ ਤੋਂ ਪੀ ਰਹੇ ਹਨ ਗੰਦਾ ਪਾਣੀ

08/24/2018 2:20:20 AM

 ਮੋਹਾਲੀ,   (ਕੁਲਦੀਪ)-  ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਮਾਣਕਮਾਜਰਾ ਵਿਚ ਲਾਇਆ ਗਿਆ ਸਰਕਾਰੀ ਟਿਊਬਵੈੱਲ ਅਕਸਰ ਖ਼ਰਾਬ ਹੀ ਰਹਿੰਦਾ ਹੈ। ਟਿਊਬਵੈੱਲ ਦੀ ਮੋਟਰ  ਤਿੰਨ ਸਾਲਾਂ ਤੋਂ ਅਕਸਰ ਖ਼ਰਾਬ ਰਹਿਣ ਕਾਰਨ ਪਿੰਡ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਦੇ ਸਰਪੰਚ ਨਿਰਮਲ ਸਿੰਘ, ਜਰਨੈਲ ਸਿੰਘ, ਹਰਵਿੰਦਰਪਾਲ ਸਿੰਘ, ਜਸਪਾਲ ਸਿੰਘ, ਤਰਵਿੰਦਰ ਸਿੰਘ ਆਦਿ ਨੇ  ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪੀਣ ਵਾਲੇ ਪਾਣੀ  ਦੀ ਸਪਲਾਈ ਕਰਨ ਵਾਲੀ ਕਦੇ ਮੋਟਰ ਸਡ਼ ਜਾਂਦੀ ਹੈ ਤੇ ਜਾਂ  ਉਸ  ’ਚ ਕੋਈ ਹੋਰ ਖਰਾਬੀ ਰਹਿੰਦੀ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ।
ਤਿੰਨ ਕਰਮਚਾਰੀਆਂ ’ਚੋਂ ਸਿਰਫ਼ ਚੌਕੀਦਾਰ ਹੀ ਉਪਲਬਧ
 ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਕਹਿਣ ਨੂੰ ਤਾਂ ਪਿੰਡ ਵਿਚ ਸਰਕਾਰੀ ਟਿਊਬਵੈੱਲ ’ਤੇ ਵਿਭਾਗ ਨੇ ਤਿੰਨ ਕਰਮਚਾਰੀ ਤਾਇਨਾਤ ਕੀਤੇ ਹਨ ਪਰ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਇਥੇ ਸਿਰਫ਼ ਇਕ ਚੌਕੀਦਾਰ ਹੀ ਮੋਟਰ ਚਲਾਉਣ  ਸਬੰਧੀ ਸਾਰਾ ਕੰਮ ਕਰਦਾ ਹੈ। ਕਰਮਚਾਰੀਆਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਵੀ ਮੋਟਰ ਦੀ ਸਹੀ ਢੰਗ ਨਾਲ ਤਕਨੀਕੀ ਸਾਂਭ-ਸੰਭਾਲ ਨਹੀਂ ਹੋ ਪਾਉਂਦੀ ਤੇ ਇਸ ਦਾ ਖਮਿਆਜ਼ਾ ਪਿੰਡ ਮਾਣਕਮਾਜਰਾ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
 ਪਿੰਡ ਬੈਰੋਂਪੁਰ ਨੂੰ ਮੁਫ਼ਤ ’ਚ ਪਾਣੀ
 ਪਿੰਡ ਮਾਣਕਮਾਜਰਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਲੱਗੀ ਹੋਈ ਸਰਕਾਰੀ ਟਿਊਬਵੈੱਲ ਦੀ ਮੋਟਰ ਇਸ ਕਰਕੇ ਵੀ ਅਕਸਰ ਖਰਾਬ ਰਹਿੰਦੀ ਹੈ ਕਿਉਂਕਿ ਇਸ ਮੋਟਰ ਤੋਂ ਹੀ ਪਿੰਡ ਬੈਰੋਂਪੁਰ ਨੂੰ ਵੀ ਪਾਣੀ ਦੀ ਸਪਲਾਈ ਭੇਜੀ ਜਾ ਰਹੀ ਹੈ। ਲੋਕਾਂ ਵਿਚ ਇਸ ਗੱਲ ਦੀ ਚਰਚਾ ਵੀ ਹੈ ਕਿ ਵਿਭਾਗ ਦੇ ਇਕ ਰਿਟਾਇਰ ਜੇ. ਈ. ਦੇ ਕਹਿਣ ’ਤੇ ਬੈਰੋਂਪੁਰ ਪਿੰਡ ਨੂੰ ਮੁਫ਼ਤ ਵਿਚ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ,  ਜਦਕਿ ਉਸ ਪਿੰਡ ਦੇ ਲੋਕਾਂ ਕੋਲੋਂ ਪਾਣੀ ਦਾ ਕੋਈ ਬਿੱਲ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਰਿਟਾਇਰ ਜੇ. ਈ. ਹੀ ਹੁਣ ਪ੍ਰਾਈਵੇਟ ਤੌਰ ’ਤੇ ਠੇਕੇਦਾਰੀ ਕਰ ਰਿਹਾ ਹੈ ਤੇ ਵਿਭਾਗ ਕਾਫ਼ੀ ਅਸਰ-ਰਸੂਖ ਰੱਖਦਾ ਹੈ।
 ਸਰਕਾਰੀ ਟਿਊਬਵੈੱਲ ਦੀ ਮੋਟਰ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ
 ਸਰਪੰਚ ਤੇ ਪਿੰਡ ਦੇ ਵਸਨੀਕਾਂ ਦੀ ਮੰਗ ਹੈ ਕਿ ਮਾਣਕਮਾਜਰਾ ਵਿਚ ਸਰਕਾਰੀ ਟਿਊਬਵੈੱਲ ਦੀ ਮੋਟਰ ਨੂੰ ਠੀਕ ਕਰਨ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤੇ ਪਿੰਡ ਬੈਰੋਂਪੁਰ ਨੂੰ ਪਾਣੀ ਦੀ ਸਪਲਾਈ ਦਾ ਵੱਖਰਾ ਪ੍ਰਬੰਧ ਕੀਤਾ ਜਾਵੇ।