ਗੈਰ-ਖੇਤੀ ਕੰਮਾਂ ਲਈ ਵਰਤੇ ਗਏ 100 ਟਿਊਬਵੈੱਲਾਂ ਦੇ ਕੱਟੇ ਜਾਣਗੇ ਕੁਨੈਕਸ਼ਨ, ਲੱਗੇਗਾ ਜੁਰਮਾਨਾ

07/30/2019 12:02:56 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਗੰਭੀਰ ਜਲ ਸੰਕਟ ਨੂੰ ਵੇਖਦੇ ਹੋਏ ਗੈਰ-ਖੇਤੀ ਕੰਮਾਂ ਲਈ ਖੇਤੀ ਵਾਲੀ ਜ਼ਮੀਨ 'ਤੇ ਲੱਗੇ ਟਿਊਬਵੈੱਲ ਕੁਨੈਕਸ਼ਨਾਂ ਨੂੰ ਕੱਟਣ ਦੇ ਹੁਕਮਾਂ ਤੋਂ ਬਾਅਦ ਪੰਜਾਬ 'ਚ ਲਗਭਗ 100 ਟਿਊਬਵੈੱਲ ਕੁਨੈਕਸ਼ਨਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਨੂੰ ਪਾਵਰ ਨਿਗਮ ਕਾਰਪੋਰੇਸ਼ਨ ਵੱਲੋਂ ਅਗਲੇ ਕੁਝ ਦਿਨਾਂ ਵਿਚ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਸੂਬੇ ਨੇ ਜਲ ਸੋਮੇ ਵਿਭਾਗ ਦੇ ਸਕੱਤਰ ਨੂੰ ਖੇਤੀ ਵਾਲੀ ਜ਼ਮੀਨ 'ਤੇ ਲੱਗੇ ਉਨ੍ਹਾਂ ਟਿਊਬਵੈੱਲ ਕੁਨੈਕਸ਼ਨਾਂ ਨੂੰ ਕੱਟਣ ਲਈ ਕਿਹਾ ਹੈ, ਜੋ ਗੈਰ-ਖੇਤੀ ਕੰਮਾਂ ਲਈ ਵਰਤੇ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹ ਟਿਊਬਵੈੱਲ ਕੁਨੈਕਸ਼ਨ ਖੇਤੀ ਵਾਲੀ ਜ਼ਮੀਨ 'ਤੇ ਲੱਗੇ ਹਨ ਅਤੇ ਇਨ੍ਹ੍ਹਾਂ ਟਿਊਬਵੈੱਲਾਂ ਤੋਂ ਕੁਝ ਫਾਰਮ ਹਾਊਸਾਂ ਅਤੇ ਕਾਲੋਨੀਆਂ ਨੂੰ ਵਿਕਸਿਤ ਕਰਨ ਲਈ ਪਾਣੀ ਲਿਆ ਜਾ ਰਿਹਾ ਹੈ। ਇਹ ਕੁਨੈਕਸ਼ਨ ਲੈਣ ਸਮੇਂ ਬੇਨਤੀ ਕੀਤੀ ਗਈ ਸੀ ਕਿ ਇਨ੍ਹਾਂ ਦੀ ਵਰਤੋਂ ਖੇਤੀ ਵਾਲੀ ਜ਼ਮੀਨ 'ਤੇ ਖੇਤੀ ਕੰਮਾਂ ਲਈ ਹੀ ਕੀਤੀ ਜਾਵੇਗੀ ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਣੀ ਦੀ ਸੰਭਾਲ ਲਈ ਸਿਰਫ ਇਹ ਕਦਮ ਕਾਫੀ ਨਹੀਂ ਹੋਵੇਗਾ, ਇਨ੍ਹਾਂ ਕੁਨੈਕਸ਼ਨਾਂ ਨੂੰ ਕੱਟਣ ਤੋਂ ਬਾਅਦ ਪਾਵਰ ਨਿਗਮ ਨੂੰ ਹੋਰ ਕੁਨੈਕਸ਼ਨਾਂ ਨੂੰ ਵੀ ਦੇਖਣਾ ਹੋਵੇਗਾ, ਜੋ ਖੇਤੀ ਕੰਮਾਂ ਲਈ ਲਏ ਗਏ ਸਨ ਪਰ ਉਨ੍ਹਾਂ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾ ਰਹੀ ਹੈ। ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਵਰ ਕੁਨੈਕਸ਼ਨ ਕੱਟਣ ਦੇ ਨਾਲ-ਨਾਲ ਟਿਊਬਵੈੱਲ ਕੁਨੈਕਸ਼ਨਾਂ ਦਾ ਗੈਰ-ਖੇਤੀ ਕੰਮਾਂ ਲਈ ਵਰਤੋਂ ਕਰਨ ਲਈ ਉਨ੍ਹਾਂ 'ਤੇ ਭਾਰੀ ਜੁਰਮਾਨੇ ਵੀ ਲਾਏ ਜਾ ਸਕਦੇ ਹਨ।

shivani attri

This news is Content Editor shivani attri