ਜਲਿਆਂਵਾਲਾ ਬਾਗ ਦਾ ਦੌਰਾ ਕਰਨਗੇ ਟਰੂਡੋ, ਦੇਣਗੇ ਸ਼ਰਧਾਂਜਲੀ ਜਾਂ...

02/16/2018 10:07:28 PM

ਜਲੰਧਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨੀਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਪੂਰਾ ਦੇਸ਼ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੱਬਾਂ ਭਾਰ ਹੋ ਗਿਆ ਹੈ। ਟਰੂਡੋ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਟਰੂਡੋ ਕੈਨੇਡੀਅਨ ਏਅਰਕ੍ਰਾਫਟ ਰਾਹੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉੱਤਰਣਗੇ।
ਜਾਣਕਾਰੀ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਬੁੱਧਵਾਰ ਸਵੇਰੇ 10:30 ਵਜੇ ਆਪਣੇ ਏਅਰਕ੍ਰਾਫਟ ਰਾਹੀਂ ਮੁੰਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰਨਗੇ, ਜਿਥੋਂ ਕਰੀਬ 14 ਕਿਲੋਮੀਟਰ ਸੜਕੀ ਮਾਰਗ ਤੋਂ ਹੁੰਦਿਆਂ ਹੋਇਆਂ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਣਗੇ। ਅੰਮ੍ਰਿਤਸਰ ਆਉਣ ਦੌਰਾਨ ਟਰੂਡੋ ਨਾਲ ਉਨ੍ਹਾਂ ਸਮੇਤ ਪੰਜ ਮੰਤਰੀ ਤੇ ਪਾਰਲੀਮੈਂਟ ਦੇ 20 ਮੈਂਬਰ ਵੀ ਹੋਣਗੇ। ਟਰੂਡੋ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਆਉਣ ਵੇਲੇ ਜਲਿਆਂਵਾਲਾ ਬਾਗ ਵੀ ਜਾਣਗੇ। ਅਜਿਹੇ 'ਚ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਇਸ ਦੌਰਾਨ ਜਲਿਆਂਵਾਲਾ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਜਾਂ ਬ੍ਰਿਟਿਸ਼ ਹਕੂਮਤ ਦੇ ਜਨਰਲ ਡਾਇਰ ਵਲੋਂ ਕਰਵਾਈ ਇਸ ਖੂਨੀ ਖੇਡ 'ਤੇ ਉਸ ਨੂੰ ਕੋਸਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਹ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਜਾਣਗੇ ਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਗੇ। ਉਨ੍ਹਾਂ ਦੇ ਦੁਰਗਿਆਣਾ ਮੰਦਰ ਜਾਣ ਦੀ ਵੀ ਸੰਭਾਵਨਾ ਹੈ, ਹਾਲਾਂਕਿ ਇਨ੍ਹਾਂ ਖਬਰਾਂ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। 
ਜ਼ਿਕਰਯੋਗ ਹੈ ਕਿ ਜਲਿਆਂਵਾਲਾ ਬਾਗ ਸਾਕਾ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਹੋਇਆ ਸੀ, ਜਿਸ ਦੌਰਾਨ ਸੈਂਕੜੇ ਲੋਕਾਂ 'ਤੇ ਬ੍ਰਿਟਿਸ਼ ਹਕੂਮਤ ਦੇ ਸਿਪਾਹੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਇਸੇ ਵਿਚਾਲੇ ਬ੍ਰਿਟਿਸ਼ ਇੰਡੀਆ ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਇਸ ਕਤਲਕਾਂਡ 'ਚ ਮਰਨ ਵਾਲਿਆਂ ਦੀ ਗਿਣਤੀ 379 ਹੈ ਤੇ 1200 ਦੇ ਕਰੀਬ ਹੋਰ ਲੋਕ ਜ਼ਖਮੀ ਹੋਏ ਹਨ। ਪਰ ਉਸ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਇਸ ਸਾਕੇ 'ਚ 1000 ਦੇ ਕਰੀਬ ਲੋਕਾਂ ਨੇ ਆਪਣੀ ਜਾਨ ਗੁਆਈ ਤੇ 1500 ਤੋਂ ਵੀ ਜ਼ਿਆਦਾ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਸਨ। ਅਜਿਹੇ 'ਚ ਟਰੂਡੋ ਵਲੋਂ ਜਲਿਆਂਵਾਲਾ ਬਾਗ ਦਾ ਦੌਰਾ ਕਰਨਾ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਲਈ ਇਕ ਮਲਮ ਦਾ ਕੰਮ ਕਰ ਸਕਦਾ ਹੈ।