ਦੂਜੇ ਸੂਬਿਆਂ ਤੋਂ ਅਣ-ਅਧਿਕਾਰਤ ਤੌਰ ''ਤੇ ਪੰਜਾਬ ''ਚ ਝੋਨਾ ਵੇਚਣ ਆ ਰਹੇ 10 ਟਰੱਕ ਕਾਬੂ

10/18/2020 9:40:26 AM

ਰਾਜਪੁਰਾ (ਮਸਤਾਨਾ) : ਥਾਣਾ ਸ਼ੰਭੂ ਦੀ ਪੁਲਸ ਵਲੋਂ ਵੱਖ-ਵੱਖ 4 ਥਾਵਾਂ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਬਾਹਰਲੇ ਸੂਬਿਆਂ ਤੋਂ ਗੈਰ ਕਾਨੂੰਨੀ ਤੌਰ ’ਤੇ ਟਰੱਕਾਂ 'ਚ ਝੋਨਾ ਭਰ ਕੇ ਪੰਜਾਬ ਵੇਚਣ ਲਈ ਆ ਰਹੇ 10 ਟਰੱਕ ਕਾਬੂ ਕੀਤੇ ਹਨ, ਜਦੋਂ ਕਿ ਉਨ੍ਹਾਂ ਟਰੱਕਾਂ ਨੂੰ ਚਲਾ ਰਹੇ ਡਰਾਈਵਰ ਪੁਲਸ ਪਾਰਟੀ ਨੂੰ ਦੇਖ ਕੇ ਟਰੱਕ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਝੋਨੇ ਨਾਲ ਭਰੇ ਟਰੱਕ ਕਬਜ਼ੇ 'ਚ ਲੈ ਕੇ ਫਰਾਰ ਹੋਏ ਡਰਾਈਵਰਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਥਾਣੇਦਾਰ ਹਰਦੇਵ ਸਿੰਘ, ਭਾਨ ਸਿੰਘ, ਜੋਗਿੰਦਰ ਸਿੰਘ, ਮੋਹਰ ਸਿੰਘ ਅਤੇ ਖਰੈਤੀ ਲਾਲ ਨੂੰ ਸੂਚਨਾ ਮਿਲੀ ਕਿ ਕੁੱਝ ਡਰਾਈਵਰ ਯੂ. ਪੀ. ਅਤੇ ਹਰਿਆਣਾ ਵਰਗੇ ਦੂਜੇ ਸੂਬਿਆਂ ਤੋਂ ਆਪਣੇ ਟਰੱਕਾਂ 'ਚ ਗੈਰ ਕਾਨੂੰਨੀ ਤੌਰ ’ਤੇ ਅਤੇ ਸਸਤੇ ਰੇਟਾਂ 'ਚ ਕਿਸਾਨਾਂ ਕੋਲੋਂ ਝੋਨਾ ਖਰੀਦ ਕਰਕੇ ਇਸ ਝੋਨੇ ਨੂੰ ਪੰਜਾਬ ਦੀ ਮੰਡੀ ਜਾਂ ਰਾਈਸ ਮਿੱਲਾਂ 'ਚ ਅਨਲੋਡ ਕਰਕੇ ਬੋਗਸ ਬਿਲਿੰਗ ਰਾਹੀਂ ਪੰਜਾਬ ਸਰਕਾਰ ਨਾਲ ਜਾਲਸਾਜ਼ੀ ਅਤੇ ਧੋਖਾਧੜੀ ਕਰਕੇ ਵਿੱਤੀ ਨੁਕਸਾਨ ਪਹੁੰਚਾ ਰਹੇ ਹਨ। ਇਸੇ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਜੀ. ਟੀ. ਰੋਡ ’ਤੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਝੋਨੇ ਨਾਲ ਭਰੇ 10 ਟਰੱਕਾਂ ਨੂੰ ਜਦੋਂ ਰੁਕਣ ਦਾ ਕੀਤਾ ਤਾਂ ਪੁਲਸ ਪਾਰਟੀ ਦੇਖ ਕੇ ਡਰਾਈਵਰ ਮੌਕੇ ’ਤੇ ਟਰੱਕ ਖੜ੍ਹੇ ਕਰਕੇ ਫਰਾਰ ਹੋ ਗਏ। ਪੁਲਸ ਨੇ 10 ਡਰਾਈਵਰਾਂ ਖ਼ਿਲਾਫ਼ ਧਾਰਾ-420, 120 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ।
 

Babita

This news is Content Editor Babita