ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਵਿਵਾਦ ਦਾ ਮਾਮਲਾ, 5 ਦੋਸ਼ੀਆਂ ਨੂੰ 6-6 ਮਹੀਨੇ ਦੀ ਕੈਦ

03/16/2018 3:12:13 PM

ਨਵਾਂਸ਼ਹਿਰ (ਤ੍ਰਿਪਾਠੀ) - ਸਾਲ 2012 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਨਾਮਜ਼ਦ ਹੋਏ 5 ਵਿਅਕਤੀਆਂ ਨੂੰ ਅਦਾਲਤ ਨੇ 6-6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। 
ਅਦਾਲਤ ਦੁਆਰਾ ਦੋਸ਼ੀ ਠਹਿਰਾਏ ਗਏ ਉਕਤ ਵਿਅਕਤੀਆਂ ਨੇ ਜ਼ਮਾਨਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ 26 ਅਪ੍ਰੈਲ, 2012 ਨੂੰ ਹੋਏ ਉਕਤ ਮਾਮਲੇ 'ਚ ਪੁਲਸ ਨੂੰ ਪ੍ਰਧਾਨਗੀ ਅਹੁਦੇ ਲਈ ਸੰਘਰਸ਼ ਕਰ ਰਹੇ ਦੋਨਾਂ ਪੱਖਾਂ ਨੂੰ ਸ਼ਾਂਤ ਕਰਨ ਲਈ ਹਵਾਈ ਫਾਇਰ ਤੱਕ ਕਰਨੇ ਪਏ ਸਨ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਇੰਸਪੈਕਟਰ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਸਵੰਤ ਸਿੰਘ ਭਾਰਟਾ, ਰਣਜੀਤ ਸਿੰਘ, ਤਰਲੋਚਨ ਸਿੰਘ, ਰਾਜਾ ਤੇ ਗੁਰਪ੍ਰੀਤ ਸਿੰਘ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਸਨ। ਵੀਰਵਾਰ ਨੂੰ ਅਦਾਲਤ ਨੇ ਉਕਤ ਮਾਮਲੇ ਦੀ ਅੰਤਮ ਸੁਣਵਾਈ ਕਰਦੇ ਹੋਏ ਉਕਤ ਪੰਜਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ 6-6 ਮਹੀਨੇ ਦੀ ਸਜਾ ਸੁਣਾਈ ਹੈ। ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਜੀਤਾ ਧਮੜੈਤ ਨੇ ਦੱਸਿਆ ਕਿ ਉਹ ਇਸ ਮਾਮਲੇ 'ਚ ਹਾਈਕੋਰਟ 'ਚ ਅਪੀਲ ਕਰਨਗੇ।