ਮਾਨਾਂਵਾਲਾ ਤੋਂ ਚੋਰੀ ਹੋਇਆ ਬਾਸਮਤੀ ਨਾਲ ਲੱਦਿਆ ਟਰੱਕ ਕਾਂਗਰਸੀ ਆਗੂ ਦੇ ਘਰ ਨੇੜਿਓਂ ਮਿਲਿਆ

11/19/2017 7:28:09 AM

ਭਿੱਖੀਵਿੰਡ/ਬੀੜ ਸਾਹਿਬ,  (ਭਾਟੀਆ, ਬਖਤਾਵਰ)-  ਪੁਲਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਜ਼ਿਲਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਤੋਂ ਬਾਸਮਤੀ ਨਾਲ ਲੱਦਿਆ ਇਕ ਟਰੱਕ ਕਾਂਗਰਸੀ ਆਗੂ ਸਤਰਾਜ ਸਿੰਘ ਦੇ ਘਰ ਨੇੜਿਓਂ ਬਰਾਮਦ ਕੀਤਾ ਹੈ। ਕਰੀਬ 12 ਦਿਨ ਪਹਿਲਾਂ ਅਜਨਾਲਾ ਤੋਂ ਪਾਤੜਾਂ ਵੱਲ ਨੂੰ 826 ਬੋਰੀਆਂ ਬਾਸਮਤੀ ਲੈ ਕੇ ਜਾ ਰਿਹਾ ਟਰੱਕ ਜੋ ਕਿ ਅੰਮ੍ਰਿਤਸਰ-ਤਰਨਤਾਰਨ ਬਾਈਪਾਸ ਤੋਂ ਮਾਨਾਂਵਾਲਾ ਨਜ਼ਦੀਕ ਚੋਰੀ ਹੋ ਗਿਆ ਸੀ, ਬਾਰੇ ਪੁਲਸ ਵੱਲੋਂ ਜਾਂਚ ਕਰਨ 'ਤੇ ਖਾਲੀ ਟਰੱਕ ਪਿੰਡ ਲੋਹਕਾ ਸਥਿਤ ਸ਼ਰਾਬ ਫੈਕਟਰੀ 'ਚੋਂ ਮਿਲਿਆ ਸੀ। ਕੁਝ ਦਿਨ ਬਾਅਦ ਇਕ ਹੋਰ ਚੋਰੀ ਹੋਇਆ ਟਰੱਕ ਅਮਰਕੋਟ ਦਾਣਾ ਮੰਡੀ 'ਚ ਪੁਲਸ ਨੇ ਖਾਲੀ ਖੜ੍ਹਾ ਬਰਾਮਦ ਕਰ ਲਿਆ ਸੀ ਪਰ ਪੁਲਸ ਨੂੰ ਕਈ ਦਿਨ ਬੀਤ ਜਾਣ 'ਤੇ ਵੀ ਚੋਰੀ ਹੋਈ ਬਾਸਮਤੀ ਨਹੀਂ ਮਿਲ ਰਹੀ ਸੀ। ਅੱਜ ਪੁਲਸ ਨੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਦੇ ਸੀਨੀਅਰ ਕਾਂਗਰਸੀ ਆਗੂ ਸਰਤਾਜ ਸਿੰਘ ਦੇ ਘਰ ਨੇੜਿਓਂ ਚੋਰੀ ਹੋਈ ਬਾਸਮਤੀ ਬਰਾਮਦ ਕਰ ਲਈ। 
ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਦੋਂ ਟਰੱਕ 'ਚ ਬਾਸਮਤੀ ਲੱਦ ਕੇ ਕਿਧਰੇ ਲਿਜਾਈ ਜਾ ਰਹੀ ਸੀ ਤਾਂ ਸਤਰਾਜ ਸਿੰਘ ਦੇ ਘਰ ਨੇੜੇ ਹੀ ਟਰੱਕ ਜ਼ਿਆਦਾ ਓਵਰਲੋਡ ਹੋਣ ਕਾਰਨ ਪਲਟ ਗਿਆ, ਜਿਸ ਨੂੰ ਪੁਲਸ ਨੇ ਸੂਚਣਾ ਮਿਲਣ 'ਤੇ ਮੌਕੇ 'ਤੇ ਪੁੱਜ ਕੇ ਕਬਜ਼ੇ 'ਚ ਲੈ ਲਿਆ। ਪੁਲਸ ਵੱਲੋਂ ਸਤਰਾਜ ਸਿੰਘ ਦੇ ਬੇਟੇ ਜਗਰੂਪ ਸਿੰਘ, ਭਰਾ ਹੀਰਾ ਸਿੰਘ ਤੇ ਉਸਦੇ ਲੜਕੇ ਨਵਰਾਜ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਪੁਲਸ ਮੁਤਾਬਕ ਸਤਰਾਜ ਸਿੰਘ ਮੌਕੇ 'ਤੋਂ ਫਰਾਰ ਹੋ ਗਿਆ ਹੈ। ਟਰੱਕ ਦੇ ਕਲੀਨਰ ਬਿਹਾਰ ਨਿਵਾਸੀ ਰਾਮਲਾਲ ਅਨੁਸਾਰ ਅਸੀਂ ਰਾਤ 11 ਵਜੇ ਦੇ ਕਰੀਬ ਇਸ ਬਾਸਮਤੀ ਨੂੰ ਸਤਰਾਜ ਸਿੰਘ ਦੇ ਘਰ ਤੋਂ ਲੱਦ ਕੇ ਟਰੱਕ ਨੰਬਰ ਪੀ. ਬੀ. 05 ਐੱਸ 9613 'ਚ ਫਿਰੋਜ਼ਪੁਰ ਲੈ ਕੇ ਚੱਲੇ ਸੀ ਪਰ ਸਵੇਰੇ 4 ਵਜੇ ਦੇ ਕਰੀਬ ਇਹ ਟਰੱਕ ਸੜਕ 'ਤੇ ਚੜ੍ਹਨ ਲੱਗਿਆ ਪਲਟ ਗਿਆ, ਜਿਸ ਕਰ ਕੇ ਡਰਾਈਵਰ ਦੇ ਮਾਮੂਲੀ ਸੱਟਾਂ ਵੀ ਲੱਗੀਆਂ। 
ਇਸ ਸਬੰਧੀ ਥਾਣਾ ਚਾਟੀਵਿੰਡ ਦੇ ਇੰਸਪੈਕਟਰ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਇਲਾਕੇ 'ਚੋਂ ਦੋ ਟਰੱਕ ਬਾਸਮਤੀ ਦੇ ਚੋਰੀ ਹੋਏ ਸਨ, ਜਿਨ੍ਹਾਂ 'ਚੋਂ ਇਕ ਟਰੱਕ ਬੀ. ਪੀ. 02 ਬੀ. ਵੀ. 9960 ਤੇ ਦੂਜਾ ਪੀ. ਬੀ. 03. ਆਰ 9492 ਨੰਬਰੀ ਸਨ। ਚੋਰੀ ਹੋਏ ਦੋਵੇਂ ਟਰੱਕ ਖਾਲੀ ਲੱਭ ਗਏ ਸਨ ਪਰ ਚੋਰੀ ਹੋਈ ਬਾਸਮਤੀ ਨਹੀਂ ਮਿਲ ਰਹੀ ਸੀ, ਇਹ ਜੋ ਬਾਸਮਤੀ ਬਰਾਮਦ ਕੀਤੀ ਗਈ ਹੈ, ਇਸ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ। ਜਾਂਚ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਵੱਲੋਂ ਸਤਰਾਜ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।