ਟਰੱਕ ਦੀ ਲਪੇਟ ''ਚ ਆ ਕੇ ਮੋਟਰਸਾਈਕਲ ਚਾਲਕ ਦੀ ਮੌਤ

09/22/2018 5:40:53 PM

ਮੋਗਾ (ਆਜ਼ਾਦ) : ਜ਼ੀਰਾ ਰੋਡ 'ਤੇ ਟਰੱਕ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ ਜ਼ਖਮੀ ਹੋਏ ਨੇਪਾਲ ਦੇ ਰਹਿਣ ਵਾਲੇ ਅਕਾਸ਼ (27) ਹਾਲ ਅਬਾਦ ਲੰਡੇਕੇ ਦੀ ਲੁਧਿਆਣਾ ਦੇ ਹਸਪਤਾਲ 'ਚ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਸਿਟੀ ਮੋਗਾ ਦੇ ਹੌਲਦਾਰ ਰਮੇਸ਼ ਲਾਲ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਅਕਾਸ਼ ਪੁੱਤਰ ਭਾਨ ਸਿੰਘ ਨਿਵਾਸੀ ਨੇਪਾਲ ਹਾਲ ਅਬਾਦ ਪਿੰਡ ਲੰਡੇਕੇ ਜੋ ਨੈਸ਼ਲੇ ਕਲੱਬ ਮੋਗਾ 'ਚ ਮੁਲਾਜ਼ਮ ਸੀ। ਬੀਤੀ 20 ਸਤੰਬਰ ਨੂੰ ਰਾਤ 11 ਵਜੇ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਮਿਲਟਰੀ ਸ਼ਾਊਣੀ ਕੋਲ ਅਚਾਨਕ ਇਕ ਪਸ਼ੂ ਨੂੰ ਬਚਾਉਂਦੇ ਹੋਏ ਟਰੱਕ ਦੀ ਲਪੇਟ 'ਚ ਆ ਗਿਆ, ਜਿਸ 'ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ।

ਡਾਕਟਰ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਨਿਊ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿਥੇ ਉਸਨੇ ਦਮ ਤੋੜ ਦਿੱਤਾ। ਹੌਲਦਾਰ ਰਮੇਸ਼ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਅਣਪਛਾਤੇ ਟਰੱਕ ਚਾਲਕ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।