ਕਾਲਜ ਜਾ ਰਹੀਆਂ 3 ਵਿਦਿਆਰਥਣਾਂ ਨੂੰ ਟਰੈਕਟਰ-ਟਰਾਲੀ ਨੇ ਕੁਚਲਿਆ, 1 ਦੀ ਮੌਤ

08/17/2017 12:26:31 AM

ਗੁਰਦਾਸਪੁਰ,  (ਦੀਪਕ, ਵਿਨੋਦ)–  ਪਿੰਡ ਕੋਠੇ ਭੀਮ ਸੈਨ ਬਾਈਪਾਸ ਕੋਲ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਘਰ ਤੋਂ ਕਾਲਜ ਜਾ ਰਹੀਆਂ ਇਕੋ ਸਕੂਟਰੀ 'ਤੇ ਸਵਾਰ 3 ਵਿਦਿਆਰਥਣਾਂ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਦਿਆਰਥਣ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਦੋ ਵਿਦਿਆਰਥਣਾਂ ਨੂੰ ਜ਼ਖਮੀ ਹਾਲਤ ਵਿਚ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਦਕਿ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।  
ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਵਿਸ਼ਾਲੀ (16) ਪੁੱਤਰੀ ਵਿਜੇ ਕੁਮਾਰ ਵਾਸੀ ਪਿੰਡ ਭਟੋਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਪਿੰਡ ਦੀਆਂ ਦੋ ਹੋਰ ਲੜਕੀਆਂ ਦਿਕਸ਼ਾ ਪੁੱਤਰੀ ਕੰਵਲ ਕਿਸ਼ੋਰ ਅਤੇ ਮਾਨਸੀ ਪੁੱਤਰੀ ਤੇਜਾ ਸਿੰਘ ਨਾਲ ਕਾਲਜ ਲਈ ਸਕੂਟਰੀ 'ਤੇ ਸਵਾਰ ਹੋ ਕੇ ਪੜ੍ਹਨ ਜਾ ਰਹੀ ਸੀ ਕਿ ਜਦੋਂ ਇਹ ਪਿੰਡ ਭੀਮ ਸੈਨ ਦੇ ਨਜ਼ਦੀਕ ਪਹੁੰਚੀਆਂ ਤਾਂ ਉਥੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਨੇ ਇਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਸ਼ਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੀ ਦਿਕਸ਼ਾ ਅਤੇ ਮਾਨਸੀ ਗੰਭੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।