ਪੰਜਾਬ ਦੀ ਹਰ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ : ਬਾਜਵਾ

01/09/2018 1:14:57 PM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਗਲਤੀਆਂ ਤੋਂ ਸਬਕ ਲੈ ਕੇ ਪੰਜਾਬ ਭਰ 'ਚ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਟਰ ਐਂਡ ਸੈਨੀਟੇਸ਼ਨ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਸਾਰੇ ਘਰਾਂ 'ਚ ਸਾਫ ਪਾਣੀ ਪਹੁੰਚਾਇਆ ਜਾਵੇ, ਜਦੋਂ ਕਿ ਪੂਰੇ ਪੰਜਾਬ ਨੂੰ ਓਪਨ ਡੈਫੀਕੇਸ਼ਨ ਫ੍ਰੀ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਕੇਂਦਰ ਸਰਕਾਰ, ਵਰਲਡ ਬੈਂਕ ਅਤੇ ਨਾਬਾਰਡ ਤੋਂ ਮਦਦ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 22 ਕਰੋੜ ਰੁਪਏ ਵਰਲਡ ਬੈਂਕ ਤੋਂ ਹਰ ਘਰ 'ਚ ਪਖਾਨੇ ਅਤੇ ਸਾਫ ਪਾਣੀ ਮੁਹੱਈਆ ਕਰਾਉਣ ਲਈ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2018 'ਚ ਹੀ ਪੂਰੇ ਪੰਜਾਬ ਨੂੰ ਓਪਨ ਡੈਫੀਕੇਸ਼ਨ ਫਰੀ ਕਰ ਦਿੱਤਾ ਜਾਵੇਗਾ। 
ਬਾਜਵਾ ਨੇ ਕਿਹਾ ਕਿ ਸਟਾਫ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ 28 ਨਵੇਂ ਐੱਸ. ਡੀ. ਓ. ਦੀ ਭਰਤੀ ਕੀਤੀ ਗਈ ਹੈ, ਜਦੋਂ ਕਿ 210 ਨਵੇਂ ਜੇ. ਈ. ਭਰਤੀ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਕਿ ਸਤਲੁਜ ਅਤੇ ਰਾਵੀ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ 'ਤੇ ਵੱਡੇ ਪੱਧਰ 'ਤੇ ਨਾਜਾਇਜ਼ ਰੇਤ ਮਾਫੀਏ ਦੇ ਮਾਮਲੇ ਧਿਆਨ 'ਚ ਆਏ ਹਨ, ਜਿਨ੍ਹਾਂ ਲਈ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਚਰਚਾ ਕਰਕੇ ਇਨ੍ਹਾਂ ਦੀ ਨੀਲਾਮੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ।