ਤ੍ਰਿਪਤ ਬਾਜਵਾ ਨੇ ਨਵੇਂ ਚੁਣੇ ਗਏ 14 ਮੱਛੀ ਪਾਲਣ ਅਫ਼ਸਰਾਂ ਨੂੰ ਸੌਂਪੇ ਨਿਯਕੁਤੀ ਪੱਤਰ

12/14/2021 3:35:49 PM

ਚੰਡੀਗੜ੍ਹ : ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਅੱਜ ਇੱਥੇ ਨਵੇਂ ਚੁਣੇ ਗਏ 14 ਮੱਛੀ ਪਾਲਣ ਅਫ਼ਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਨੇ ਨਵੇਂ ਮੱਛੀ ਪਾਲਣ ਅਫ਼ਸਰਾਂ ਨੂੰ ਤਨਦੇਹੀ ਤੇ ਮਿਹਨਤ ਨਾਲ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਮੰਤਰੀ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਮੱਛੀ ਪਾਲਣ ਵਿਭਾਗ ਕਿਸਾਨਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ।

ਪਿਛਲੇ ਪੰਜ ਸਾਲਾਂ ਦੌਰਾਨ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਿਤ ਇਲਾਕਿਆ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਾਫੀ ਉੱਧਮ ਕੀਤਾ ਜਾ ਰਿਹਾ ਹੈ। ਇਨ੍ਹਾਂ ਇਲਾਕਿਆ ਵਿੱਚ ਝੀਂਗਾ ਪਾਲਣ ਨੂੰ ਖ਼ਾਸ ਤੌਰ 'ਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਕਿਸਾਨ 1 ਏਕੜ ਰਕਬੇ ਵਿੱਚੋਂ 3 ਲੱਖ ਰਪੁਏ ਦੀ ਸ਼ੁੱਧ ਆਮਦਨੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ 850 ਏਕੜ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ ਹੈ। ਆਉਣ ਵਾਲੇ 5 ਸਾਲਾਂ ਦੌਰਾਨ ਝੀਂਗਾ ਪਾਲਣ ਨੂੰ 5000 ਏਕੜ ਰਕਬੇ ਵਿੱਚ ਪ੍ਰਫੁੱਲਿਤ ਕੀਤਾ ਜਾਵੇਗਾ। ਝੀਂਗਾ ਪਾਲਣ ਦੇ ਵਿਕਾਸ ਲਈ ਸਰਕਾਰ ਵੱਲੋਂ ਪਿੰਡ ਈਨਾਖੇੜਾ, ਬਲਾਕ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਟ੍ਰੇਨਿੰਗ-ਕਮ-ਡੈਮੋਸਟ੍ਰੇਸ਼ਨ ਯੂਨਿਟ ਸਥਾਪਿਤ ਕਰਵਾਇਆ ਗਿਆ ਹੈ। ਇਸ ਸੈਂਟਰ ਵਿਖੇ ਝੀਂਗਾ ਕਿਸਾਨਾਂ ਨੂੰ ਮੁਫ਼ਤ ਟ੍ਰੇਨਿੰਗ ਅਤੇ ਮਿੱਟੀ-ਪਾਣੀ ਜਾਂਚ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

ਬਾਜਵਾ ਨੇ ਦੱਸਿਆ ਕਿ ਵਧੀਆ ਕਿਸਮ ਦਾ ਮੱਛੀ ਪੂੰਗ ਰਿਆਇਤੀ ਦਰਾ 'ਤੇ ਕਿਸਾਨਾਂ ਨੂੰ ਪ੍ਰਦਾਨ ਕਰਨ ਲਈ ਇੱਕ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਅਲੀਸ਼ੇਰ ਖੁਰਦ, ਜ਼ਿਲ੍ਹਾ ਮਾਨਸਾ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸੇ ਤਰਜ 'ਤੇ ਇੱਕ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਕਿੱਲਿਆ ਵਾਲੀ, ਜ਼ਿਲ੍ਹਾ ਫਾਜ਼ਿਲਕਾ ਵਿਖੇ ਸਥਾਪਿਤ ਕਰਵਾਇਆ ਜਾ ਰਿਹਾ ਹੈ, ਇਹ ਮੱਛੀ ਪੂੰਗ ਫਾਰਮ ਆਉਣ ਵਾਲੇ ਸਾਲ 2022 ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪੀ. ਐੱਮ. ਐੱਮ. ਐੱਸ. ਵਾਈ ਸਕੀਮ ਅਧੀਨ 45.82 ਕਰੋੜ ਰੁਪਏ ਵੱਖ-ਵੱਖ ਪ੍ਰਾਜੈਕਟ ਮੱਛੀ ਪਾਲਣ ਸੈਕਟਰ ਅਧੀਨ ਸਥਾਪਿਤ ਕਰਵਾਏ ਜਾ ਰਹੇ ਹਨ। ਜਿਸ ਨਾਲ ਰਾਜ ਵਿੱਚ ਮੱਛੀ ਪਾਲਣ ਨੂੰ ਬਹੁਤ ਹੁੰਗਾਰਾ ਮਿਲੇਗਾ। ਮੱਛੀ ਦੀ ਵਧੀਆ ਮੰਡੀਕਰਣ ਲਈ ਇਕ ਹੋਰ ਨਵੀਂ ਥੋਕ-ਕਮ-ਰਿਟੇਲ ਮੱਛੀ ਮਾਰਕਿਟ ਪਟਿਆਲਾ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। ਮੱਛੀ ਕਿਸਾਨਾਂ ਨੂੰ ਮਿੱਟੀ ਪਰਖ ਸਹੂਲਤ ਪ੍ਰਦਾਨ ਕਰਵਾਉਣ ਲਈ 6 ਅਤਿ-ਆਧੁਨਿਕ ਲੈਬਾਂ ਸਥਾਪਿਤ ਕਰਵਾਈਆ ਗਈਆ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰੁਜ਼ਗਾਰ ਦੇ ਸਾਧਨ ਉਤਪੰਨ ਕਰਨ ਵਾਸਤੇ ਪੰਜਾਬ ਵਿੱਚ ਪਹਿਲੀ ਵਾਰ ਮੱਛੀ ਦੀ ਢੋਆ-ਢਵਾਈ ਵਾਸਤੇ ਟਰਾਂਸਪੋਰਟ ਵ੍ਹੀਕਲ ਜਿਵੇਂ ਕਿ ਸਾਈਕਲ, ਮੋਟਰ-ਸਾਈਕਲ, ਆਟੋ ਰਿਕਸ਼ਾ, ਇੰਨਸੁਲੇਟਿਡ ਤੇ ਰੀਫਰ ਗੱਡੀਆਂ ਸਬਸਿਡੀ ਤੇ ਨੌਜਵਾਨਾਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਹਨ।

Babita

This news is Content Editor Babita