ਪੰਜਾਬ ਦੀਆਂ ਸੜਕਾਂ ਕਿਨਾਰੇ ਖੜ੍ਹੇ ''ਸੁੱਕੇ ਰੁੱਖ'' ਕੱਟਣ ਦੇ ਨਿਰਦੇਸ਼

03/07/2020 10:57:07 AM

ਚੰਡੀਗੜ (ਅਸ਼ਵਨੀ) : ਪੰਜਾਬ ਭਰ 'ਚ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਰੁੱਖਾਂ ਨੂੰ ਕੱਟਣ ਸਬੰਧੀ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰੁੱਖ ਡਿੱਗਣ ਨਾਲ ਹੋਣ ਵਾਲੇ ਸੰÎਭਾਵੀ ਹਾਦਸਿਆਂ ਤੋਂ ਬਚਾਇਆ ਜਾ ਸਕੇ ਅਤੇ ਲੱਕੜ ਨੂੰ ਮਾਰਕਿਟ ਕੀਮਤ 'ਤੇ ਵੇਚ ਕੇ ਸਰਕਾਰੀ ਖ਼ਜ਼ਾਨੇ ਨੂੰ ਲਾਭ ਪਹੁੰਚਾਇਆ ਜਾ ਸਕੇ। ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਭਰ 'ਚ ਜੰਗਲਾਤ ਦੀ ਜ਼ਮੀਨ ਤੋਂ ਵੱਡੀ ਪੱਧਰ 'ਤੇ ਨਾਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਜੋ ਜ਼ਮੀਨ ਜਾਂ ਖੇਤਰ ਅਜੇ ਵੀ ਨਾਜਾਇਜ਼ ਕਬਜ਼ੇ ਹੇਠ ਹਨ, ਨੂੰ ਮੁਕਤ ਕਰਵਾਉਣ ਲਈ ਕਾਰਵਾਈ ਤੇਜ ਕੀਤੀ ਜਾਵੇ। ਧਰਮਸੋਤ ਨੇ ਕਿਹਾ ਕਿ ਅਧਿਕਾਰੀਆਂ ਨੂੰ ਜੰਗਲਾਤ ਦੀ ਲੱਕੜ ਦੀਆਂ ਵੱਖ-ਵੱਖ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਪਲਿੰਥਾਂ, ਸਕੂਲਾਂ 'ਚ ਬੱਚਿਆ ਦੇ ਬੈਠਣ ਲਈ ਬੈਂਚ ਆਦਿ ਬਣਵਾਉਣ ਦੇ ਆਰਡਰ ਲੈਣ ਲਈ ਸਬੰਧੀ ਵਿਚਾਰ ਕਰਨ ਲਈ ਕਿਹਾ। ਧਰਮਸੋਤ ਨੇ ਅਧਿਕਾਰੀਆਂ ਨੂੰ ਰਾਜਸਥਾਨ ਸਰਕਾਰ ਦੀ ਤਰਜ਼ 'ਤੇ ਆਨਲਾਈਨ ਮਾਨੀਟਰਿੰਗ ਸਿਸਟਮ ਅਪਣਾਉਣ ਦੀ ਦਿਸ਼ਾ 'ਚ ਕਦਮ ਚੁੱਕਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਆਧੁਨਿਕ ਪ੍ਰਣਾਲੀ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ ਜੰਗਲਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ, ਜੰਗਲੀ ਰੁੱਖਾਂ ਦੀ ਕਟਾਈ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਆਦਿ ਗ਼ੈਰ ਕਾਨੂੰਨੀ ਗਤੀਵਿਧੀਆਂ ਇਸ ਪ੍ਰਣਾਲੀ ਨਾਲ ਰੋਕੀਆਂ ਜਾ ਸਕਦੀਆਂ ਹਨ। ਧਰਮਸੋਤ ਨੇ ਅੱਗੇ ਦੱਸਿਆ ਕਿ ਵਿਭਿੰਨ ਸਕੀਮਾਂ ਤਹਿਤ ਸੂਬੇ 'ਚ ਲਾਏ ਜਾਣ ਵਾਲੇ ਬੂਟਿਆਂ ਨੂੰ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਦਾ ਉਦੇਸ਼ ਪ੍ਰਾਪਤ ਕਰਨ ਵੱਲ ਵਧਿਆ ਜਾ ਸਕੇ। ਉਨ੍ਹਾਂ ਬੂਟਿਆਂ ਨੂੰ ਬਚਾਉਣ ਲਈ ਸੀਮਿੰਟ ਦੇ ਟ੍ਰੀ ਗਾਰਡਾਂ ਸਬੰਧੀ ਤਜਵੀਜ਼ ਬਣਾਉਣ ਲਈ ਵੀ ਕਿਹਾ। ਇਸ ਮੀਟਿੰਗ 'ਚ ਵਧੀਕ ਮੁੱਖ ਸਕੱਤਰ ਜੰਗਲਾਤ ਰਵਨੀਤ ਕੌਰ, ਪ੍ਰਮੁੱਖ ਮੁੱਖ ਵਣਪਾਲ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ ਜੰਗਲੀ ਜੀਵ ਸੁਰੱਖਿਆ ਕੁਲਦੀਪ ਕੁਮਾਰ ਅਤੇ ਪੰਜਾਬ ਰਾਜ ਵਣ ਨਿਗਮ ਦੇ ਐਮ. ਡੀ. ਹਰਿੰਦਰ ਸਿੰਘ ਗਰੇਵਾਲ ਹਾਜ਼ਰ ਸਨ।

Babita

This news is Content Editor Babita